ਬਰਨਾਲਾ, 17 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਖੇ ਇਕ ਦੇਸੀ ਦਵਾਖਾਨੇ ਦੇ ਮਾਲਕ ਵਲੋਂ ਇੰਸਟਾਗ੍ਰਾਮ ਤੇ ਹੋਰ ਸੋਸ਼ਲ ਮੀਡੀਆ ਸਾਈਟਾਂ ’ਤੇ ਗੁੰਮਰਾਹਕੁਨ ਵੀਡਿਓ ਪਾ ਕੇ ਦੇਸ਼ ਸਣੇ ਵਿਦੇਸ਼ਾਂ ’ਚ ਬੈਠੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਝਾਂਸੇ ’ਚ ਲੈ ਕੇ ਕਰੀਬ 70 ਤੋਂ 80 ਹਜ਼ਾਰ ਰੁਪਏ ਤੱਕ ਦਵਾਈਆਂ ਦੇ ਵਸੂਲੇ ਜਾ ਰਹੇ ਸਨ। ਜਿਸ ਸਬੰਧੀ ਆਯੁਰਵੈਦ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਪੁੱਜਣ ’ਤੇ ਡਾਇਰੈਕਟਰ ਆਯੁਰਵੈਦਾ ਰਵੀ ਡੂਮਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ-ਕਮ-ਡਰੱਗ ਇੰਸਪੈਕਟਰ ਡਾ. ਅਮਨ ਕੌਸ਼ਲ ਤੇ ਰਾਕੇਸ਼ ਸ਼ਰਮਾ ਸੁਪਰਡੈਂਟ ਵੱਲੋਂ ਦਵਾਖਾਨੇ ‘ਤੇ ਰੇਡ ਕੀਤੀ ਗਈ। ਬੀਤੇ ਵਰ੍ਹੇ ਦੇ ਦਸੰਬਰ ਮਹੀਨੇ ’ਚ ਹੋਈ ਇਸ ਰੇਡ ਦੌਰਾਨ ਉਕਤ ਦਵਾਖਾਨੇ ਤੋਂ ਕੁਝ ਦਵਾਈਆਂ ਦੇ ਸੈਂਪਲ ਲਏ ਗਏ, ਜੋ ਸਰਕਾਰੀ ਲੈਬ ਵਿਖੇ ਭੇਜੇ ਜਾਣ ’ਤੇ ਫੇਲ੍ਹ ਪਾਏ ਗਏ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਦੀ ਸਿਫ਼ਾਰਸ਼ ’ਤੇ ਦਵਾਖਾਨੇ ਦੇ ਸੰਚਾਲਕ ਖ਼ਿਲਾਫ਼ ਬਰਨਾਲਾ ਪੁਲਿਸ ਨੇ ਮਾਮਲਾ ਦਰਜ ਕਰਦਿਆਂ ਦਵਾਖਾਨਾ ਸੀਲ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਬਰਨਾਲਾ ਡਾ. ਅਮਨ ਕੌਸ਼ਲ ਨੇ ਦੱਸਿਆ ਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਇਕ ਸ਼ਿਕਾਇਤ ਮਿਲੀ ਸੀ, ਜਿਸ ’ਚ ਜ਼ਿਕਰ ਕੀਤਾ ਗਿਆ ਸੀ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਵਿਖੇ ਰਹਿਮਤ ਕਲੀਨਿਕ ਨਾਂਅ ਦੇ ਦਵਾਖਾਨੇ ਦਾ ਮਾਲਕ ਖ਼ੁਦ ਦਵਾਈਆਂ ਤਿਆਰ ਕਰਕੇ ਤੇ ਸੋਸ਼ਲ ਮੀਡੀਆ ਉੱਪਰ ਆਪਣੀਆਂ ਤਿਆਰ ਕੀਤੀਆਂ ਦਵਾਈਆਂ ਦਾ ਗੁੰਮਰਾਹਕੁੰਨ ਪ੍ਰਚਾਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਤੇ ਭੋਲੀ ਭਾਲੀ ਜਨਤਾ ਤੋਂ ਮੋਟੀ ਰਕਮ ਵਸੂਲਦਾ ਹੈ। ਕੌਸ਼ਲ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਦ 12 ਦਸੰਬਰ 2024 ਨੂੰ ਆਪਣੀ ਟੀਮ ਸਮੇਤ ਪਿੰਡ ਰਾਏਸਰ ਵਿਖੇ ਉਕਤ ਦਵਾਖਾਨੇ ’ਤੇ ਰੇਡ ਕੀਤੀ ਤਾਂ ਚੈਕਿੰਗ ਦੌਰਾਨ ਕੁਝ ਦਵਾਈਆਂ ਦੇ ਸੈਂਪਲ ਲੈ ਕੇ ਸਰਕਾਰੀ ਲੈਬ ਪਟਿਆਲਾ ਭੇਜੇ ਗਏ। ਜਿਸ ਦੀ ਰਿਪੋਰਟ ਆਉਣ ’ਤੇ ਸੈਂਪਲ ਫ਼ੇਲ੍ਹ ਪਾਏ ਗਏ। ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਨੇ ਬਰਨਾਲਾ ਪੁਲਿਸ ਨਾਲ ਰਾਬਤਾ ਕਰਕੇ ਉਕਤ ਕਲੀਨਿਕ ਦੇ ਮਾਲਕ ਜਸਪ੍ਰੀਤ ਸਿੰਘ ਪਿੰਡ ਰਾਏਸਰ ਖ਼ਿਲਾਫ਼ ਥਾਣਾ ਮਹਿਲ ਕਲਾਂ ਵਿਖੇ ਮਾਮਲਾ ਦਰਜ ਕਰਦਿਆਂ ਪੁਲਿਸ ਦੇ ਸਹਿਯੋਗ ਨਾਲ ਦਵਾਖਾਨੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਜਗਜੀਤ ਸਿੰਘ, ਡਾ. ਹਰਜੋਤ ਸ਼ਰਮਾ, ਏ.ਐੱਸ.ਆਈ ਕੁਲਦੀਪ ਸਿੰਘ, ਬਲਜੀਤ ਸਿੰਘ ਉੱਪ ਵੈਦ ਹਾਜ਼ਰ ਸਨ।