Posted inਬਰਨਾਲਾ ਬਰਨਾਲਾ ਵਿੱਚ ਬਿਜਲੀ ਦੇ ਕੱਟਾਂ ਤੋਂ ਉਦਯੋਗਪਤੀ ਡਾਢੇ ਔਖੇ, ਫੈਕਟਰੀਆਂ ਨੂੰ ਜਿੰਦਰੇ ਲਾ ਪਾਵਰਕੌਮ ਨੂੰ ਚਾਬੀਆਂ ਸੌਂਪਣ ਦੀ ਖਿੱਚੀ ਤਿਆਰੀ Posted by overwhelmpharma@yahoo.co.in Apr 21, 2025 – ਮੰਗਲਵਾਰ ਸਵੇਰੇ 10 ਵਜੇ ਸਾਰੇ ਉਦਯੋਗਪਤੀ ਐਸਈ ਪਾਵਰਕੌਮ ਨੂੰ ਸੌਂਪਣਗੇ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਬਰਨਾਲਾ, 21 ਅਪ੍ਰੈਲ (ਰਵਿੰਦਰ ਸ਼ਰਮਾ) : ਪਾਵਰਕੌਮ ਵੱਲੋਂ ਵਾਰ-ਵਾਰ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਜਿਨ੍ਹਾਂ ਤੋਂ ਆਮ ਸ਼ਹਿਰ ਵਾਸੀਆਂ ਸਣੇ ਉਦਯੋਗਪਤੀ ਵੀ ਡਾਢੇ ਔਖੇ ਨਜ਼ਰ ਆ ਰਹੇ ਹਨ। ਆਖਿਰਕਾਰ ਹੁਣ ਬਰਨਾਲਾ ਜਿਲ੍ਹੇ ਦੇ ਉਦਯੋਗਪਤੀਆਂ ਨੇ ਆਪਣੀਆਂ ਫੈਕਟਰੀਆਂ ਨੂੰ ਜਿੰਦਰੇ ਲਗਾ ਕੇ ਫੈਕਟਰੀ ਦੀਆਂ ਚਾਬੀਆਂ ਪਾਵਰਕੌਮ ਵਿਭਾਗ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਜ਼ਿਲ੍ਹਾ ਇੰਡਸਟਰੀਜ਼ ਚੈਂਬਰ ਦੇ ਪ੍ਰਧਾਨ ਵਿਕਾਸ ਗੋਇਲ ਨੇ ਕਿਹਾ ਕਿ ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਉਦਯੋਗਪਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਤਾਂ ਕੁਦਰਤੀ ਕਰੋਪੀ ਕਾਰਨ ਪਹਿਲਾਂ ਹੀ ਫੈਕਟਰੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ, ਅਤੇ ਹੁਣ ਬਿਜਲੀ ਦੇ ਕੱਟਾਂ ਕਾਰਨ ਉਤਪਾਦਨ ਵੀ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ, ਜਿਸ ਕਾਰਨ ਫੈਕਟਰੀ ਮਾਲਕ ਬਹੁਤ ਪਰੇਸ਼ਾਨ ਹਨ। ਚੈਂਬਰ ਦੇ ਚੇਅਰਮੈਨ ਵਿਜੇ ਗਰਗ ਨੇ ਇਸ ਗੰਭੀਰ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦਿਆਂ ਸੁਝਾਅ ਦਿੱਤਾ ਕਿ ਅਜਿਹੇ ਹਾਲਾਤਾਂ ਵਿਚ ਸਾਰੇ ਉਦਯੋਗਪਤੀਆਂ ਨੂੰ ਆਪਣੀਆਂ-ਆਪਣੀਆਂ ਫੈਕਟਰੀਆਂ ਵਿੱਚ ਜਿੰਦਰੇ ਲਗਾ ਕੇ ਚਾਬੀਆਂ ਪ੍ਰਸ਼ਾਸਨ ਨੂੰ ਸੌਂਪ ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਉਨ੍ਹਾਂ ਦੀ ਸਮੱਸਿਆ ‘ਤੇ ਧਿਆਨ ਦਿੱਤਾ ਜਾ ਸਕੇ। ਪ੍ਰਧਾਨ ਵਿਕਾਸ ਗੋਇਲ ਨੇ ਅੱਗੇ ਦੱਸਿਆ ਕਿ ਮੰਗਲਵਾਰ ਸਵੇਰੇ 10 ਵਜੇ ਸਾਰੇ ਉਦਯੋਗਪਤੀ ਇਕੱਠੇ ਹੋ ਕੇ ਆਪਣੀਆਂ-ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਐਸਈ ਪਾਵਰਕੌਮ ਨੂੰ ਸੌਂਪਣਗੇ। ਇਸ ਤੋਂ ਬਾਅਦ, ਉਦਯੋਗਪਤੀਆਂ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਵੀ ਮੁਲਾਕਾਤ ਕਰੇਗਾ ਅਤੇ ਉਨ੍ਹਾਂ ਨੂੰ ਬਿਜਲੀ ਕੱਟਾਂ ਦੀ ਸਮੱਸਿਆ ਨੂੰ ਲੈ ਕੇ ਇੱਕ ਮੰਗ ਪੱਤਰ ਸੌਂਪੇਗਾ, ਜਿਸ ਵਿਚ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕਰਨ ਦੀ ਗੁਹਾਰ ਲਗਾਈ ਜਾਵੇਗੀ। ਉਦਯੋਗਪਤੀਆਂ ਦਾ ਇਹ ਕਦਮ ਬਿਜਲੀ ਵਿਭਾਗ ਖਿਲਾਫ ਉਨ੍ਹਾਂ ਦੇ ਵਧਦੇ ਰੋਸ ਨੂੰ ਦਰਸਾਉਂਦਾ ਹੈ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰਵਾਈ ਨਾਲ ਪ੍ਰਸ਼ਾਸਨ ਅਤੇ ਪਾਵਰਕੌਮ ‘ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣ ਦਾ ਦਬਾਅ ਬਣੇਗਾ। ਦੇਖਣਾ ਹੋਵੇਗਾ ਕਿ ਉਦਯੋਗਪਤੀਆਂ ਦੇ ਇਸ ਸਖ਼ਤ ਰੁਖ ਤੋਂ ਬਾਅਦ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਕੀ ਕਦਮ ਚੁੱਕਦੇ ਹਨ। Post navigation Previous Post ਸਰਕਾਰੀ ਸਕੂਲ ’ਚ ਮਾਨਸਿਕ ਤੌਰ ’ਤੇ ਕਮਜ਼ੋਰ ਨਾਬਾਲਗਾ ਨਾਲ ਜਬਰ-ਜਨਾਹ, 6 ਗ੍ਰਿਫ਼ਤਾਰNext Postਬੰਗਾਲ ਵਿੱਚ ਹਿੰਦੂ ਨਿਸ਼ਾਨਾ ਹਿੰਸਾ ਖ਼ਿਲਾਫ਼ ਬਰਨਾਲਾ ’ਚ ਰੋਸ ਪ੍ਰਦਰਸ਼ਨ, ਵਿਸ਼ਵ ਹਿੰਦੂ ਪਰਿਸ਼ਦ ਤੇ ਬਜ਼ਰੰਗ ਦਲ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ