Posted inਬਰਨਾਲਾ ਵਿਦਿਆਰਥੀ ਪਾਠਕ੍ਰਮ ਦੇ ਨਾਲ ਨਾਲ ਹੋਰ ਪੁਸਤਕਾਂ ਪੜ੍ਹਨ ਦੀ ਆਦਤ ਪਾਉਣ : ਖੁੱਡੀ ਕਲਾਂ Posted by overwhelmpharma@yahoo.co.in Apr 24, 2025 ਬਰਨਾਲਾ, 24 ਅਪ੍ਰੈਲ (ਰਵਿੰਦਰ ਸ਼ਰਮਾ) : ਇਨਸਾਨ ਖਾਸ ਕਰਕੇ ਵਿਦਿਆਰਥੀਆਂ ਦੇ ਜੀਵਨ ‘ਚ ਪੁਸਤਕਾਂ ਦਾ ਬਹੁਤ ਵੱਡਾ ਮਹੱਤਵ ਹੈ। ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ ਨਾਲ ਹੋਰ ਪੁਸਤਕਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਪੀ.ਐਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਛਾਪਾ ਵਿਖੇ ਸਕੂਲ ਮੁਖੀ ਸੁਖਚੰਦਨ ਸਿੰਘ ਦੀ ਅਗਵਾਈ ਅਤੇ ਸੁਖਵਿੰਦਰ ਸਿੰਘ ਗੁਰਮ ਪੰਜਾਬੀ ਲੈਕਚਰਾਰ ਦੇ ਪ੍ਰਬੰਧਾਂ ਹੇਠ ਵਿਸ਼ਵ ਪੁਸਤਕ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਵਿਸ਼ਵ ਪੁਸਤਕ ਦਿਵਸ ਦਾ ਇਤਿਹਾਸ ਅਤੇ ਮਨਾਉਣ ਦਾ ਮੰਤਵ ਦਸਦਿਆਂ ਕਿਹਾ ਕਿ ਪੁਸਤਕਾਂ ਪੜ੍ਹਨ ਦੀ ਆਦਤ ਨੂੰ ਪ੍ਰਫੁੱਲਿਤ ਕਰਨਾ ਹੀ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਨੋਰਥ ਹੈ। ਉਹਨਾਂ ਪਾਠਕ੍ਰਮ ਦੀਆਂ ਪੁਸਤਕਾਂ ਦੇ ਨਾਲ ਨਾਲ ਹੋਰ ਪੁਸਤਕਾਂ ਪੜ੍ਹਨ ਲਈ ਵਿਦਿਆਰਥੀਆਂ ਨੂੰ ਨੇਮ ਨਾਲ ਲਾਇਬ੍ਰੇਰੀ ‘ਚ ਜਾਣ ਦੀ ਆਦਤ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਮੋਬਾਈਲ ਤੋਂ ਦੂਰੀ ਬਣਾ ਕੇ ਪੁਸਤਕ ਨਾਲ ਨੇੜਤਾ ਬਣਾਉਣੀ ਚਾਹੀਦੀ ਹੈ।ਪੁਸਤਕਾਂ ਖਰੀਦਣ, ਤੋਹਫ਼ੇ ਅਤੇ ਸਨਮਾਨ ਵਜੋਂ ਪੁਸਤਕਾਂ ਦੇਣ ਦੀ ਰਵਾਇਤ ਪੈਦਾ ਕਰਦਾ ਸਾਡੇ ਸਮਾਜ ਦੀ ਮੁੱਖ ਜ਼ਰੂਰਤ ਹੈ।ਉਹਨਾਂ ਕਿਹਾ ਕਿ ਪਾਠਕ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਦੇ ਪੁਸਤਕ ਵਿੱਕਰੀ ਕੇਂਦਰ ਤੋਂ ਬਹੁਤ ਹੀ ਘੱਟ ਕੀਮਤ ‘ਤੇ ਪੁਸਤਕਾਂ ਦੀ ਖਰੀਦ ਕਰ ਸਕਦੇ ਹਨ। ਸਮਾਜ ਸੇਵੀ ਲਖਵਿੰਦਰ ਸ਼ਰਮਾ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਮਾਤ ਤੋਂ ਦੂਰ ਰਹਿ ਕੇ ਪੁਸਤਕਾਂ ਨਾਲ ਨੇੜਤਾ ਵਧਾਉਣ ਲਈ ਕਿਹਾ। ਸਕੂਲ ਮੁਖੀ ਸੁਖਚੰਦਨ ਸਿੰਘ ਅਤੇ ਸੁਖਵਿੰਦਰ ਸਿੰਘ ਗੁਰਮ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਨਸਾਨ ਦੇ ਜੀਵਨ ਨੂੰ ਰੌਸ਼ਨ ਕਰਨ ‘ਚ ਪੁਸਤਕਾਂ ਦੀ ਹਮੇਸ਼ਾ ਹੀ ਮੁੱਖ ਭੂਮਿਕਾ ਰਹੀ ਹੈ। ਵਿਦਿਆਰਥੀਆਂ ਨੇ ਵੀ ਆਪਣੇ ਵੱਲੋਂ ਪੜੀਆਂ ਪੁਸਤਕਾਂ ਦੇ ਤਜਰਬੇ ਸਾਂਝੇ ਕੀਤੇ ਗਏ। ਇਸ ਮੌਕੇ ਭਾਸ਼ਾ ਦਫ਼ਤਰ ਦੇ ਕਲਰਕ ਸੰਦੀਪ ਕੌਰ ਤੋਂ ਇਲਾਵਾ ਸਕੂਲ ਦੇ ਅਧਿਆਪਕ ਲਖਬੀਰ ਸਿੰਘ, ਹਰਮੀਤ ਸਿੰਘ,ਸਰਬਜੀਤ ਕੌਰ,ਸੁਮਨਦੀਪ ਕੌਰ, ਰਮਨਦੀਪ ਕੌਰ, ਬੀਰਬਲ ਸਿੰਘ ਅਤੇ ਹਰਮੇਲ ਸਿੰਘ ਹਾਜ਼ਰ ਸਨ। Post navigation Previous Post ਵਿਸ਼ੇਸ਼ ਕੈਂਪ ਲਗਾ ਕੇ ਮਨਾਇਆ ਜਾ ਰਿਹਾ ਵਿਸ਼ਵ ਟੀਕਾਕਰਨ ਹਫ਼ਤਾ : ਸਿਵਲ ਸਰਜਨNext Postਪਤੀ ਨੇ ਇੰਸਟਾਗ੍ਰਾਮ ’ਤੇ ਰੀਲ ਪਾਉਣ ਤੋਂ ਰੋਕਿਆ ਤਾਂ ਪਤਨੀ ਨੇ ਲਿਆ ਫ਼ਾਹਾ, ਹਾਲਤ ਗੰਭੀਰ