ਬੇਰੁਜ਼ਗਾਰਾਂ ਅਤੇ ਕਿਸਾਨਾਂ ਨੇ ਕੀਤੇ ‘ਆਪ’ ਵਿਧਾਇਕ ਲਾਭ ਉੱਗੋਕੇ ਨੂੰ ਸਵਾਲ, ਕਰਵਾਏ ਵਾਅਦੇ ਯਾਦ

ਬਰਨਾਲਾ, 25 ਅਪ੍ਰੈਲ (ਰਵਿੰਦਰ ਸ਼ਰਮਾ) : ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਸ ਸਮੇਂ ਵਿਵਾਦ ਦੀ ਸਥਿਤੀ ਪੈਦਾ ਹੋ ਗਈ, ਜਦੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਇਲਾਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਕਿਸਾਨਾਂ ਅਤੇ ਬੇਰੁਜ਼ਗਾਰਾਂ ਨੇ ਸਖ਼ਤ ਵਿਰੋਧ ਕੀਤਾ। ਪੁਲਿਸ ਨੇ ਸ਼ੁਰੂ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡਾਂ ਪਿੱਛੇ ਰੋਕਿਆ। ਬਾਅਦ ਵਿੱਚ ਉਨ੍ਹਾਂ ਨੂੰ ਵਿਧਾਇਕ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ। ਬੀਕੇਯੂ ਸਿੱਧੂਪੁਰ ਦੇ ਹਾਕਮ ਸਿੰਘ ਨੇ ਖਨੂਰੀ ਮੋਰਚੇ ਤੋਂ ਟਰਾਲੀਆਂ ਚੋਰੀ ਹੋਣ ‘ਤੇ ਵਿਧਾਇਕ ਦੇ ਬਿਆਨ ਦਾ ਵਿਰੋਧ ਕੀਤਾ। ਉਨ੍ਹਾਂ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਕਿਸਾਨਾਂ ਨੂੰ ‘ਆਲਸੀ’ ਕਹਿਣ ਦਾ ਵੀ ਵਿਰੋਧ ਕੀਤਾ।

ਕਿਸਾਨ ਆਗੂ ਰਾਮ ਸਿੰਘ ਨੇ ਨਹਿਰੀ ਪਾਣੀ ਦੀ ਘਾਟ ਦਾ ਮੁੱਦਾ ਉਠਾਇਆ। ਬੀਕੇਯੂ ਰਾਜੇਵਾਲ ਦੇ ਆਗੂ ਗੋਰਾ ਸਿੰਘ ਨੇ ਸਰਕਾਰ ਵਲੋਂ ਔਰਤਾਂ ਨੂੰ 1,000 ਰੁਪਏ ਦੇਣ ਦੇ ਚੋਣ ਵਾਅਦੇ ਦੀ ਯਾਦ ਦਿਵਾਈ। ਬੇਰੁਜ਼ਗਾਰ ਸੰਯੁਕਤ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲੋਂ ਨੇ ਸਿੱਖਿਆ ਅਤੇ ਸਿਹਤ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 37 ਮਹੀਨਿਆਂ ਵਿੱਚ ਇੱਕ ਵੀ ਅਹੁਦਾ ਨਹੀਂ ਭਰਿਆ ਗਿਆ। ਉਨ੍ਹਾਂ ਮਾਸਟਰ ਕਾਡਰ ਵਿੱਚ 55 ਪ੍ਰਤੀਸ਼ਤ ਅੰਕਾਂ ਦੀ ਸ਼ਰਤ ਨੂੰ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਲੈਕਚਰਾਰਾਂ ਦੀਆਂ ਰੱਦ ਕੀਤੀਆਂ 343 ਅਸਾਮੀਆਂ, ਪੀਟੀਆਈ ਅਧਿਆਪਕਾਂ ਦੀਆਂ 2000 ਅਸਾਮੀਆਂ ਦੀ ਥਾਂ 646 ਅਸਾਮੀਆਂ ਅਤੇ ਸਹਾਇਕ ਪ੍ਰੋਫੈਸਰਾਂ ਦੀਆਂ 645 ਅਸਾਮੀਆਂ ਭਰਨ ਦੀ ਵੀ ਮੰਗ ਕੀਤੀ। ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ 270 ਅਸਾਮੀਆਂ ਲਈ ਉਮਰ ਸੀਮਾ ਵਿੱਚ ਛੋਟ ਦੀ ਮੰਗ ਵੀ ਪ੍ਰਮੁੱਖਤਾ ਨਾਲ ਉਠਾਈ ਗਈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੀਆਂ ਖਾਲੀ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਦੀ ਗੱਲ ਕਰ ਰਹੀ ਹੈ, ਪਰ ਅਧਿਆਪਕਾਂ ਤੋਂ ਬਿਨਾਂ ਕ੍ਰਾਂਤੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਕੂਲ ਵਿੱਚ ਆਰਟਸ ਦੇ ਸਾਰੇ 5 ਲੈਕਚਰਾਰ, 6 ਵਿੱਚੋਂ 4 ਵੋਕੇਸ਼ਨਲ ਅਧਿਆਪਕ, ਆਰਟਸ ਐਂਡ ਕਰਾਫਟਸ ਅਧਿਆਪਕ, ਡੀਪੀਈ ਅਧਿਆਪਕ, ਐਸਐਲਏ, ਵਰਕਸ਼ਾਪ ਅਟੈਂਡੈਂਟ, ਲਾਇਬ੍ਰੇਰੀਅਨ, ਲਾਇਬ੍ਰੇਰੀ ਰੀਸਟੋਰਰ, ਚਪੜਾਸੀ ਦੀਆਂ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਤੁਰੰਤ ਭਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਯਾਦ ਦਿਵਾਈ, ਪਰ ਇਲਾਕੇ ਦੇ ਵਿਧਾਇਕ ਸਾਰੇ ਸਵਾਲਾਂ ਦੇ ਜਵਾਬ ਦੇਣ ਵਿੱਚ ਬੇਵੱਸ ਦਿਖਾਈ ਦਿੱਤੇ। ਵਿਧਾਇਕ ਲਾਭ ਉਗੋਕੇ ਨੇ ਕਿਹਾ ਕਿ ਟਰਾਲੀਆਂ ਚੋਰੀ ਹੋਣ ਸੰਬੰਧੀ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਪਿੰਡ ਵਿੱਚ ਬੰਦ ਪਏ ਸੁਵਿਧਾ ਕੇਂਦਰ ਨੂੰ ਦੁਬਾਰਾ ਖੋਲ੍ਹਣ ਦਾ ਭਰੋਸਾ ਦਿੱਤਾ। ਉਨ੍ਹਾਂ ਢਿੱਲਵਾਂ ਨਾਭਾ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ 2.55 ਲੱਖ ਰੁਪਏ ਦੀ ਲਾਗਤ ਨਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 16 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਸਿੱਖਿਆ ਕ੍ਰਾਂਤੀ ਦੀ ਪ੍ਰਸ਼ੰਸਾ ਕੀਤੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.