Posted inਬਰਨਾਲਾ ਬੇਰੁਜਗਾਰ ਅਧਿਆਪਕਾਂ ’ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਖਿਲਾਫ਼ ਬਰਨਾਲਾ ਵਿਖੇ ਡੀ.ਟੀ.ਐੱਫ. ਵੱਲੋਂ ਅਰਥੀ ਫੂਕ ਪ੍ਰਦਰਸ਼ਨ Posted by overwhelmpharma@yahoo.co.in Apr 25, 2025 – 5994 ਭਰਤੀ ‘ਚੋਂ 2994 ਬੈਕਲਾਗ ਭਰਤੀ ਲਈ ਨਿਯੁਕਤੀ ਪੱਤਰ ਤੁਰੰਤ ਜਾਰੀ ਕੀਤੇ ਜਾਣ – ਡੀ.ਟੀ.ਐੱਫ. – ਅਖੌਤੀ ਸਿੱਖਿਆ ਕ੍ਰਾਂਤੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਸਰਕਾਰ – ਡੀ.ਟੀ.ਐੱਫ. ਬਰਨਾਲਾ, 25 ਅਪ੍ਰੈਲ (ਰਵਿੰਦਰ ਸ਼ਰਮਾ) : 19 ਅਪ੍ਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 5994 ਭਰਤੀ (ਬੈਕਲਾਗ) ਵਿੱਚ ਚੁਣੇ ਗਏ ਅਧਿਆਪਕਾਂ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਅਨੰਦਪੁਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਮੌਕੇ ਦੇ ਐੱਸ ਐੱਚ ਓ ਦਾਨਿਸ਼ ਵੀਰ ਵੱਲੋਂ ਇੱਕ ਅਧਿਆਪਕ ਦੇ ਸ਼ਰੇਆਮ ਥੱਪੜ ਮਾਰੇ ਗਏ, ਅਧਿਆਪਕਾਂ ਨੂੰ ਗ੍ਰਿਫਤਾਰ ਕਰਨ ਵੇਲੇ ਬੱਸ ਚੜ੍ਹਾਉਂਦਿਆਂ ਸਮੇਂ ਘੜੀਸਿਆ ਗਿਆ ਅਤੇ ਠੁੱਡੇ ਮਾਰੇ ਗਏ ਅਤੇ ਇੱਕ ਹੋਰ ਪੁਲਿਸ ਕਰਮੀ ਵੱਲੋਂ ਇੱਕ ਅਧਿਆਪਕ ਦੀ ਹਿੱਕ ਉੱਪਰ ਗੋਡੇ ਰੱਖ ਕੇ ਬੈਠਿਆ ਗਿਆ। ਸਰਕਾਰ ਦੀ ਸ਼ਹਿ ਉਪਰ ਬੇਰੁਜ਼ਗਾਰ ਅਧਿਆਪਕਾਂ ਨੂੰ ਥਾਣੇ ਵਿੱਚ ਲਿਜਾ ਕੇ ਗਾਲੀ ਗਲੋਚ ਕੀਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਅੱਗੇ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰੱਖਣ ਬਾਰੇ ਬੇਸ਼ਰਮੀ ਭਰੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਇਸ ਨੂੰ ਗੈਰ ਮਨੁੱਖੀ ਤਸ਼ੱਦਦ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਇਕੱਤਰਤਾ ਕੀਤੀ ਗਈ ਅਤੇ ਇੱਥੋਂ ਮਾਰਚ ਕਰਦੇ ਹੋਏ ਕਚਿਹਰੀ ਚੌਂਕ ਵਿਖੇ ਸਿੱਖਿਆ ਕ੍ਰਾਂਤੀ, ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਪਹਿਲਗਾਮ (ਕਸ਼ਮੀਰ) ਵਿਖੇ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਫੁੱਟ ਪਾਉ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਡੀਟੀਐੱਫ ਆਗੂਆਂ ਅੰਮ੍ਰਿਤਪਾਲ ਕੋਟਦੁੰਨਾ ਬਲਾਕ ਪ੍ਰਧਾਨ,ਰਾਜੀਵ ਕੁਮਾਰ, ਰਾਜਿੰਦਰ ਮੂਲੋਵਾਲ, ਮਨਮੋਹਨ ਭੱਠਲ,ਹੈੱਡਮਾਸਟਰ ਪ੍ਰਦੀਪ ਕੁਮਾਰ, ਬਲਜਿੰਦਰ ਅਕਲੀਆ, ਜਗਸੀਰ ਬਖਤਗੜ੍ਹ ਤੇ ਡੀਐੱਮਐੱਫ ਦੇ ਆਗੂ ਗੁਰਮੀਤ ਸੁਖਪੁਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਗਰਾਜ ਹਰਦਾਸਪੁਰਾ,ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਰਮਨਦੀਪ ਬਰਨਾਲਾ, ਆਈ.ਟੀ.ਆਈ. ਯੂਨੀਅਨ ਦੇ ਰਾਕੇਸ਼ ਜੁਨੇਜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸੰਘਰਸ਼ ਕਰ ਰਹੇ ਹਰੇਕ ਵਰਗ ਦੇ ਲੋਕਾਂ ਖਿਲਾਫ ਪਿਛਲੇ ਸਮੇਂ ਵਿੱਚ ਪੁਲਿਸ ਨੂੰ ਖੁੱਲ੍ਹ ਦੇ ਕੇ ਉਹਨਾਂ ਦੇ ਸੰਘਰਸ਼ ਨੂੰ ਕੁਚਲਣ ਦੀ ਕੋਸ਼ਿਸ ਕਰ ਰਹੀ ਹੈ ਅਤੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਵੱਲ ਵੱਧ ਰਹੀ ਹੈ। ਇਸੇ ਤਹਿਤ ਹੀ ਮਿੱਥ ਕੇ 5994 ਭਰਤੀ ਨਾਲ ਸਬੰਧਤ ਬੇਰੁਜ਼ਗਾਰ ਅਧਿਆਪਕਾਂ ਉੱਪਰ ਅੰਨ੍ਹਾ ਤਸ਼ੱਦਦ ਕੀਤਾ ਗਿਆ ਹੈ ਅਤੇ ਪੰਜਾਬ ਦੇ ਸੰਘਰਸ਼ ਕਰ ਰਹੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਪੰਜਾਬ ਸਰਕਾਰ ਨੂੰ ਪੰਜਾਬ ਦੀ ਸੰਘਰਸ਼ਮਈ ਵਿਰਾਸਤ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਜਿੰਨ੍ਹਾਂ ਪੁਲਿਸ ਅਧਿਕਾਰੀਆਂ ਨੇ ਅਧਿਆਪਕਾਂ ਦੀ ਕੁੱਟਮਾਰ ਕੀਤੀ ਹੈ, ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਚੱੱਲ ਰਹੀਆਂ ਸਾਰੀਆਂ ਭਰਤੀਆਂ ਦੇ ਰਹਿੰਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਜਾਵੇ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸਕੂਲਾਂ ਵਿੱਚ ਉਦਘਾਟਨੀ ਪੱਥਰ ਲਗਾ ਕੇ ਸਿੱਖਿਆ ਕ੍ਰਾਂਤੀ ਦੇ ਜਾ ਰਹੇ ਪ੍ਰਚਾਰ ਨੂੰ ਅਸਲ ਸੱਚਾਈ ਤੋਂ ਕੋਹਾਂ ਦੂਰ ਐਲਾਨਦਿਆਂ ਵੱਡੀ ਗਿਣਤੀ ਵਿੱਚ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਥਾਨਕ ਹਲਾਤਾਂ ਅਨੁਸਾਰ ਸਿੱਖਿਆ ਨੀਤੀ ਅਤੇ ਵਿੱਦਿਅਕ ਕਲੰਡਰ ਬਣਾਉਣ ਦੀ ਥਾਂ ਕੇਂਦਰ ਸਰਕਾਰ ਦੀ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਸਿੱਖਿਆ ਨੀਤੀ ਰਾਹੀਂ ਸਿੱਖਿਆ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਅਧਿਆਪਕਾਂ ‘ਤੇ ਗੈਰ ਵਿੱਦਿਅਕ ਕੰਮਾਂ ਦੀ ਭਰਮਾਰ ਹੈ। ਇਸ ਮੌਕੇ ਡੀ.ਟੀ.ਐੱਫ ਦੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ 6635 ਈਟੀਟੀ ਟੀਚਰ ਯੂਨੀਅਨ ਅਤੇ 4161 ਮਾਸਟਰ ਕਾਡਰ ਯੂਨੀਅਨ ਨਾਲ ਮਿਲ ਕੇ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ 4 ਮਈ ਨੂੰ ਹੋਣ ਜਾ ਰਹੇ ਚਿਤਾਵਨੀ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਲਖਵੀਰ ਠੁੱਲੀਵਾਲ,ਗਜਿੰਦਰ ਸਿੰਘ, ਸੁਖਵਿੰਦਰ ਸੁੱਖ, ਭੁਪਿੰਦਰ ਸੇਖਾ,ਸੁਨੀਲ ਕੁਮਾਰ,ਮੈਡਮ ਸੁਖਪਾਲ ਤਪਾ,ਮਾਲਵਿੰਦਰ ਸਿੰਘ,ਪਰਮਜੀਤ ਕੱਟੂ, ਗੁਰਜੰਟ ਸਿੰਘ, ਸੁਖਪ੍ਰੀਤ ਬੜੀ,ਜਸਵਿੰਦਰ ਜੋਗਾ, ਜਤਿੰਦਰ ਕਪਿਲ, ਸੁਖਚਰਨਪ੍ਰੀਤ ਸਿੰਘ,ਦਰਸ਼ਨ ਬਦਰਾ,ਪ੍ਰਿੰਸ ਕੁਮਾਰ ਫਰਵਾਹੀ, ਜਗਰਾਜ ਅਕਲੀਆ,ਸੁਖਦੀਪ ਸਿੰਘ,ਅਮਰਜੀਤ ਸਿੰਘ, ਮਨਜਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ। Post navigation Previous Post ਵਿਸ਼ਵ ਮਲੇਰੀਆ ਦਿਵਸ ਮੌਕੇ ਪੋਸਟਰ ਮੁਕਾਬਲੇ ਕਰਵਾਏNext Postਨਸ਼ਿਆਂ ਵਿਰੁੱਧ ਚਲਾਈ ਮਹਿੰਮ ਤਹਿਤ 39 ਮੁਕੱਦਮੇ ਦਰਜ, 51 ਮੁਲਜ਼ਮ ਗ੍ਰਿਫਤਾਰ