ਬਰਨਾਲਾ, 27 ਅਪ੍ਰੈਲ (ਰਵਿੰਦਰ ਸ਼ਰਮਾ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਫ਼ਤਿਹਗੜ੍ਹ ਛੰਨਾ ਨੇੜੇ ਸਥਿਤ ਆਈ.ਓ.ਐੱਲ ਫ਼ੈਕਟਰੀ ’ਚ ਐਤਵਾਰ ਸਵੇਰੇ ਕਰੀਬ ਸਾਢੇ 5 ਵਜੇ ਗੈਸ ਲੀਕ ਹੋਣ ਕਾਰਨ ਇਕ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ 3 ਹੋਰ ਮੁਲਾਜ਼ਮ ਗੰਭੀਰ ਜਖ਼ਮੀ ਹਨ, ਜਿੰਨ੍ਹਾਂ ਨੂੰ ਬੀ.ਐੱਮ.ਸੀ. ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪਰ ਮੌਤ ਤੋਂ ਕਈ ਘੰਟੇ ਬਾਅਦ ਤੱਕ ਵੀ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਨਹੀਂ ਭੇਜਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਤੜਕਸਾਰ ਹੀ ਆਈ.ਓ.ਐੱਲ ਪਲਾਂਟ ’ਚ ਗੈਸ ਲੀਕ ਹੋਣ ਕਾਰਨ ਕਈ ਮੁਲਾਜ਼ਮ ਗੰਭੀਰ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਬੀ.ਐੱਮ.ਸੀ. ਹਸਪਤਾਲ ਵਿਖੇ ਇਲਾਜ਼ ਲਈ ਭੇਜਿਆ ਗਿਆ, ਜਿੱਥੇ ਇਕ ਮੁਲਾਜ਼ਮ ਅਨਮੋਲ ਚਿੰਪਾ ਪੁੱਤਰ ਸ਼ਿਵਮ ਚਿੰਪਾ ਵਾਸੀ ਹਰਿਆਣਾ ਦੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਮੁਲਾਜ਼ਮ ਯੁਵਮ ਖੰਨਾ ਵਾਸੀ ਹਿਸਾਰ, ਵਿਕਾਸ ਸ਼ਰਮਾ ਵਾਸੀ ਜ਼ਿਲ੍ਹਾ ਫਾਜ਼ਿਲਕਾ ਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਫ਼ਤਿਹਗੜ੍ਹ ਛੰਨਾ ਜ਼ਿਲ੍ਹਾ ਬਰਨਾਲਾ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਏ। ਜਿੰਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਮੁਲਾਜ਼ਮ ਦੀ ਹਾਲਤ ਕਾਫ਼ੀ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਡੀ.ਐੱਮ.ਸੀ ਲੁਧਿਆਣਾ ਵਿਖੇ ਵੀ ਰੈਫ਼ਰ ਕੀਤਾ ਗਿਆ ਹੈ। ਫ਼ੈਕਟਰੀ ’ਚ ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ।

