Posted inਸਿਹਤ ਬਰਨਾਲਾ ਦੁਪਹਿਰ ਸਮੇਂ ਬਿਨਾਂ ਲੋੜ ਘਰੋਂ ਬਾਹਰ ਜਾਣ ਤੋਂ ਕਰੋ ਪ੍ਰਹੇਜ਼ : ਸਿਵਲ ਸਰਜਨ Posted by overwhelmpharma@yahoo.co.in Apr 28, 2025 ਬਰਨਾਲਾ, 28 ਅਪ੍ਰੈਲ (ਰਵਿੰਦਰ ਸ਼ਰਮਾ) : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੀਆਂ ਵਿਸ਼ੇਸ਼ ਹਦਾਇਤਾਂ ‘ਤੇ ਸਿਹਤ ਵਿਭਾਗ ਬਰਨਾਲਾ ਵੱਲੋਂ ਸੰਭਾਵੀ ਗਰਮ ਮੌਸਮ ਨੂੰ ਵੇਖਦਿਆਂ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਾਅ ਲਈ ਵਿਸ਼ੇਸ਼ ਅਡਵਾਇਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਕਾਰਜਕਾਰੀ ਸਿਵਲ ਸਰਜਨ ਬਰਨਾਲਾ ਡਾ. ਗੁਰਮਿੰਦਰ ਕੌਰ ਔਜਲਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਕਾਫ਼ੀ ਵਧੇਗਾ। ਇਸ ਲਈ ਅਪਣੇ ਆਪ ਦਾ ਦਿਨ ਦੀ ਗਰਮੀ ਤੋਂ ਬਚਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਰਮੀ ਅਤੇ ਲੂ ਦਾ ਅਸਰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਨਵ- ਜਨਮੇਂ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, ਮਜ਼ਦੂਰ, ਕਿਸਾਨ ਜਾਂ ਖੁਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਲੋਕ, ਬੇਘਰੇ, ਸੜਕਾਂ ਕੰਢੇ ਜਾਂ ਫ਼ੁਟਪਾਥਾਂ ‘ਤੇ ਰਹਿਣ ਵਾਲੇ ਲੋਕ, ਮਾਨਸਿਕ ਜਾਂ ਸਰੀਰਕ ਬੀਮਾਰੀ ਤੋਂ ਪੀੜਤ ਲੋਕ ਖ਼ਾਸਕਰ ਦਿਲ ਦੀ ਬਿਮਾਰੀ ਜਾਂ ਹਾਈ ਬਲੈੱਡ ਪ੍ਰੈਸ਼ਰ ਦੇ ਰੋਗੀ, ਮੋਟਾਪੇ ਤੋਂ ਪੀੜਤ ਲੋਕ, ਗਰਮ ਵਾਤਾਵਰਣ ਵਿਚ ਸਖ਼ਤ ਮਿਹਨਤ ਕਰਨ ਵਾਲੇ ਲੋਕ ਜਾਂ ਖੁਲ੍ਹੇ ਵਿਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀ ਆਦਿ ‘ਤੇ ਜਿਆਦਾ ਅਸਰ ਹੁੰਦਾ ਹੈ। ਉਹ ਗਰਮੀ ਤੇ ਲੂ ਦੀ ਲਪੇਟ ਵਿਚ ਛੇਤੀ ਆ ਸਕਦੇ ਹਨ। ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਕੁਮਾਰ , ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਤਾਪਮਾਨ ਵੱਧ ਜਾਂਦਾ ਹੈ, ਜਿਸ ਕਾਰਨ ਸਰੀਰ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ, ਵਿਅਕਤੀ ਨੂੰ ਚੱਕਰ ਆ ਸਕਦੇ ਹਨ, ਬੇਹੋਸ਼ ਹੋ ਕੇ ਡਿੱਗ ਸਕਦਾ ਹੈ। ਲੂ ਦੇ ਲੱਛਣਾਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਗਰਮੀ ਕਾਰਨ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣ ‘ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ । ਦਿਨ ਵੇਲੇ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਪਾਣੀ ਜ਼ਿਆਦਾ ਪੀਉ, ਲੱਸੀ, ਨਿੰਬੂ ਪਾਣੀ, ਓ.ਆਰ.ਐਸ. ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰੋ। ਹਲਕੇ ਰੰਗ ਦੇ ਕਪੜੇ ਪਾਉ। ਬਾਹਰ ਜਾਣ ’ਤੇ ਐਨਕ ਲਾਉ ਤੇ ਸਿਰ ਢੱਕ ਕੇ ਰੱਖੋ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ। ਮੌਸਮ ਅਨੁਸਾਰ ਫ਼ਲ ਸਬਜੀਆਂ ਦੀ ਵੱਧ ਤੋਂ ਵੱਧ ਵਰਤੋਂ ਕਰੋ । ਨੰਗੇ ਪੈਰ ਬਾਹਰ ਨਾ ਜਾਉ। ਧੁੱਪ ਵਿਚ ਜਾਣ ਵੇਲੇ ਪਾਣੀ ਨਾਲ ਲੈ ਕੇ ਜਾਉ। ਦੁਪਹਿਰ 12.00 ਵਜੇ ਤੋਂ ਦੁਪਹਿਰ ਬਾਅਦ 3.00 ਵਜੇ ਤੱਕ ਬਾਹਰ ਜਾਣ ਤੋਂ ਬਚੋ । ਗਰਮ ਪਦਾਰਥ ਚਾਹ, ਕੌਫ਼ੀ, ਤਲੀਆਂ ਮਸਾਲੇਦਾਰ ਅਤੇ ਬਾਸੀ ਖਾਣਾ ਨਾ ਖਾਉ। Post navigation Previous Post ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲਗਾਇਆ ਜਾਗਰੂਕਤਾ ਕੈਂਪNext Postਸਕੂਲਾਂ ਨੂੰ ਹਰ ਲੋੜੀਂਦੀ ਸਹੂਲਤ ਕਰਵਾਈ ਜਾ ਰਹੀ ਹੈ ਮੁਹਈਆ : ਲਾਭ ਸਿੰਘ ਉੱਗੋਕੇ