Posted inKhanna 13 ਮਿੰਟਾਂ ਦਾ ਸਮਾਂ ਦੇ ਕੇ ਸੁਨਿਆਰੇ ਤੋਂ ਮੰਗੀ 1 ਕਿਲੋ ਸੋਨੇ ਦੀ ਫ਼ਿਰੌਤੀ, 3 ਗ੍ਰਿਫ਼ਤਾਰ Posted by overwhelmpharma@yahoo.co.in May 12, 2025 ਖੰਨਾ, 12 ਮਈ (ਰਵਿੰਦਰ ਸ਼ਰਮਾ) : ਖੰਨਾ ਸ਼ਹਿਰ ’ਚ ਫ਼ਿਰੌਤੀ ਮੰਗਣ ਦਾ ਇਹ ਢੰਗ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਸੁਨਿਆਰੇ ਤੋਂ 1 ਕਿਲੋ ਸੋਨੇ ਦੀ ਫ਼ਿਰੌਤੀ ਮੰਗਦਿਆਂ ਸਮਾਂ ਵੀ ਦਿੱਤਾ ਗਿਆ ਕਿ 13 ਮਿੰਟਾਂ ’ਚ ਇਕ ਕਿਲੋ ਸੋਨਾ ਤਿਆਰ ਰੱਖੋ, ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਜਿਸ ਤੋਂ ਘਬਰਾਕੇ ਕਾਰੋਬਾਰੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੀੜਤ ਕਾਰੋਬਾਰੀ ਸ੍ਰੀਕਾਂਤ ਵਰਮਾ ਵਾਸੀ ਮੁਹੱਲਾ ਆਹਲੂਵਾਲੀਆ ਨੇ ਪੁਲਿਸ ਨੂੰ ਦੱਸਿਆ ਕਿ 9 ਮਈ, 2025 ਨੂੰ ਦੁਪਹਿਰ ਲਗਭਗ 12:42 ਵਜੇ, ਉਨ੍ਹਾਂ ਨੂੰ ਇੱਕ ਅਣਜਾਣ ਨੰਬਰ ਤੋਂ ਇਕ ਕਾਲ ਆਈ। ਕਾਲ ਮਿਲਣ ‘ਤੇ, ਦੂਜੇ ਪਾਸੇ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਪ੍ਰੇਮਾ ਸ਼ੂਟਰ ਵਜੋਂ ਪੇਸ਼ ਕੀਤਾ। ਮੁਲਜ਼ਮਾਂ ਨੇ ਕਿਹਾ ਕਿ ਉਸਨੂੰ ਸ੍ਰੀਕਾਂਤ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਸੁਪਾਰੀ ਮਿਲੀ ਹੈ। ਪੀੜਤ ਦੇ ਅਨੁਸਾਰ, ਉਹ ਇਸ ਧਮਕੀ ਤੋਂ ਬੁਰੀ ਤਰ੍ਹਾਂ ਡਰ ਗਿਆ ਸੀ। ਕੁਝ ਮਿੰਟਾਂ ਬਾਅਦ, ਉਸੇ ਨੰਬਰ ਤੋਂ ਇੱਕ ਹੋਰ ਫ਼ੋਨ ਆਇਆ ਅਤੇ ਧਮਕੀ ਦੇਣ ਵਾਲੇ ਨੇ ਕਿਹਾ ਕਿ ਤੁਹਾਡੇ ਕੋਲ ਸਿਰਫ਼ 13 ਮਿੰਟ ਹਨ, ਇੱਕ ਕਿਲੋ ਸੋਨਾ ਤਿਆਰ ਰੱਖੋ। ਇਹ ਸੁਣ ਕੇ ਉਹ ਬਹੁਤ ਡਰ ਗਿਆ। ਇਸ ਤੋਂ ਬਾਅਦ, ਦੁਪਹਿਰ ਲਗਭਗ 1:14 ਵਜੇ ਇੱਕ ਹੋਰ ਕਾਲ ਆਈ। ਇਸ ਵਾਰ ਫ਼ੋਨ ਕਰਨ ਵਾਲੇ ਨੇ ਕੁਝ ਹੋਰ ਵੀ ਡਰਾਉਣਾ ਕਿਹਾ। ਉਸਨੇ ਕਿਹਾ ਕਿ ਮਾਸਟਰ, ਪਹਿਲਾਂ ਤੁਹਾਡਾ ਪੁੱਤਰ ਗੈਵਿਨ ਮਰ ਜਾਵੇਗਾ ਨਹੀਂ ਤਾਂ ਇੱਕ ਕਿਲੋ ਸੋਨਾ ਇੱਕ ਲਿਫਾਫੇ ਵਿੱਚ ਪਾ ਕੇ ਖੰਨਾ ਤੋਂ ਲੁਧਿਆਣਾ ਜਾਂਦੇ ਸਮੇਂ ਗ੍ਰੀਨਲੈਂਡ ਹੋਟਲ ਦੇ ਸਾਹਮਣੇ ਪੁਲ ‘ਤੇ ਝੰਡੇ ਦੇ ਕੋਲ ਛੱਡ ਦਿਓ। ਪੀੜਤ ਕਾਰੋਬਾਰੀ ਨੇ ਬਿਨਾਂ ਕਿਸੇ ਦੇਰੀ ਦੇ ਸਿਟੀ-2 ਪੁਲਿਸ ਸਟੇਸ਼ਨ ਜਾ ਕੇ ਸ਼ਿਕਾਇਤ ਦਰਜ ਕਰਵਾਈ। – ਪੁਲਿਸ ਨੇ ਇੰਝ ਕੀਤੇ ਮੁਲਜ਼ਮ ਗ੍ਰਿਫ਼ਤਾਰ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਕਾਲ ਡਿਟੇਲ, ਲੋਕੇਸ਼ਨ ਟ੍ਰੈਕਿੰਗ ਅਤੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਤੋਂ ਪਤਾ ਲੱਗਾ ਕਿ ਧਮਕੀ ਦੇਣ ਦੀ ਇਹ ਸਾਜ਼ਿਸ਼ ਸਥਾਨਕ ਪੱਧਰ ‘ਤੇ ਰਚੀ ਗਈ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ ਅਭਿਸ਼ੇਕ ਕੁਮਾਰ ਤੇ ਨਿਹਾਲ ਦੋਵੇਂ ਵਾਸੀ ਪੀਰਖਾਨਾ ਰੋਡ, ਖੰਨਾ ਅਤੇ ਤੀਰਥ ਸਿੰਘ ਉਰਫ ਮੰਗਾ ਵਾਸੀ ਰਾਮ ਨਗਰ, ਵਾਰਡ ਨੰਬਰ 4, ਖੰਨਾ ਦੀ ਪਛਾਣ ਕੀਤੀ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ, ਅਗਲੇਰੀ ਜਾਂਚ ਜਾਰੀ ਹੈ ਤੇ ਮੁਲਜ਼ਮ ਵਿਰੁੱਧ ਥਾਣਾ ਸਿਟੀ-2 ਖੰਨਾ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮਾਮਲਾ ਗੰਭੀਰ ਕਿਸਮ ਦਾ ਹੈ ਅਤੇ ਇਸਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇਕਰ ਲੋੜ ਪਈ ਤਾਂ ਸਾਈਬਰ ਸੈੱਲ ਦੀ ਮਦਦ ਨਾਲ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। Post navigation Previous Post ਜੰਗਬੰਦੀ ਮਗਰੋਂ ਮੁੜ ਖੁੱਲ੍ਹੇ ਦੇਸ਼ ਦੇ ਹਵਾਈ ਅੱਡੇ, ਚੰਡੀਗੜ੍ਹ ਤੇ ਅੰਮ੍ਰਿਤਸਰ ਸਮੇਤ 32 ਅੱਡਿਆਂ ਦੀ ਰਿਪੋਰਟNext Postਮੇਰਾ ਯੁਵਾ ਭਾਰਤ ਸਿਵਲ ਡਿਫੈਂਸ ਵਲੰਟੀਅਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ