Posted inਬਰਨਾਲਾ 11.88 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਅਧੀਨ ਬਾਜਾਖਾਨਾ ਰੋਡ ਫਲਾਈਓਵਰ ਹੇਠਾਂ ਬਣੇਗਾ ਅੰਡਰਪਾਸ: ਮੀਤ ਹੇਅਰ Posted by overwhelmpharma@yahoo.co.in May 15, 2025 – ਸੰਸਦ ਮੈਂਬਰ ਨੇ ਬਹੁਕਰੋੜੀ ਫੋਰਲੇਨ ਪ੍ਰੋਜੈਕਟ ਦਾ ਵੀ ਲਿਆ ਜਾਇਜ਼ਾ – ਬਰਨਾਲਾ ਰਜਵਾਹੇ ਵਿਚ ਪਾਣੀ ਦੀ 20 ਫੀਸਦੀ ਸਮਰੱਥਾ ਵਧੀ, ਕਈ ਨਵੇਂ ਮੋਘੇ ਤਜਵੀਜ਼ਤ ਬਰਨਾਲਾ, 15 ਮਈ (ਰਵਿੰਦਰ ਸ਼ਰਮਾ) : ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਬਰਨਾਲਾ ਦੇ ਵਿਕਾਸ ਕਾਰਜਾਂ ਸਬੰਧੀ ਅਹਿਮ ਮੀਟਿੰਗ ਕੀਤੀ। ਓਨ੍ਹਾਂ ਜਿੱਥੇ ਬਰਨਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ, ਓਥੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਿੰਜਾਈ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਟੀ ਪੁਆਇੰਟ ਤੋਂ ਆਈਟੀਆਈ ਚੌਕ ਅਤੇ ਆਈਟੀਆਈ ਚੌਕ ਤੋਂ ਬਰਨਾਲਾ ਜੇਲ੍ਹ (ਸਮੇਤ ਹੰਡਿਆਇਆ ਰੋਡ) ਨੂੰ ਚੌੜਾ ਕਰਕੇ ਫੋਰਲੈਨ ਕੀਤਾ ਜਾਣਾ ਹੈ, ਓਥੇ 11.88 ਕਰੋੜ ਦੀ ਲਾਗਤ ਨਾਲ ਬਾਜਾਖਾਨਾ ਰੋਡ ਫਲਾਈਓਵਰ ਹੇਠਾਂ ਅੰਡਰਪਾਸ ਬਣਾਇਆ ਜਾਣਾ ਹੈ। ਮੁੱਖ ਮਾਰਗਾਂ ਨੂੰ ਫੋਰਲੇਨ ਕਰਨ ਸੰਬਧੀ ਐਕਸੀਅਨ ਨੈਸ਼ਨਲ ਹਾਈਵੇਅ ਨੇ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ, ਪੀਐਸਪੀਸੀਐਲ ਸਮੇਤ ਸਬੰਧਤ ਵਿਭਾਗਾਂ ਤੋਂ ਐਸਟੀਮੇਟ ਲਏ ਗਏ ਹਨ ਅਤੇ ਅਗਲੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ 11.88 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ ਬਾਜਾਖਾਨਾ ਰੋਡ ਫਲਾਈਓਵਰ ਹੇਠਾਂ ਰਾਮਬਾਗ ਰੋਡ ਅਤੇ ਖੁੱਡੀ ਰੋਡ ਨੂੰ ਜੋੜਦਾ ਕੀਤਾ ਜਾਣਾ ਹੈ ਜਿਸ ਦਾ ਐਸਟੀਮੇਟ ਭੇਜ ਦਿੱਤਾ ਗਿਆ ਹੈ। ਇਸ ਮੌਕੇ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਇਨ੍ਹਾਂ ਦੋਵੇਂ ਅਹਿਮ ਪ੍ਰੋਜੈਕਟਾਂ ਨਾਲ ਸ਼ਹਿਰ ਦੀ ਟ੍ਰੈਫ਼ਿਕ ਸਮੱਸਿਆ ਹੱਲ ਹੋਵੇਗੀ ਤੇ ਬਰਨਾਲਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਉਨ੍ਹਾਂ ਸਿੰਜਾਈ ਪ੍ਰੋਜੈਕਟਾਂ ਦਾ ਵੀ ਜਾਇਜ਼ਾ ਲਿਆ ਅਤੇ ਦੱਸਿਆ ਕਿ ਬਰਨਾਲ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਮੋਘਿਆਂ, ਖਾਲਾਂ/ਕੱਸੀਆਂ ਅਤੇ ਪਾਇਪਲਾਇਨਾਂ ਦੇ ਕੰਮ ਕਰਾਏ ਜਾ ਰਹੇ ਹਨ ਤਾਂ ਜੋ ਬਰਨਾਲਾ ਦਾ ਕੋਈ ਵੀ ਪਿੰਡ ਨਹਿਰੀ ਪਾਣੀ ਤੋਂ ਵਾਂਝਾ ਨਾ ਰਹੇ। ਓਨ੍ਹਾਂ ਕਿਹਾ ਕਿ ਬਰਨਾਲਾ ਰਜਵਾਹਾ ਸਿਸਟਮ ਅਧੀਨ ਆਉਂਦੇ ਹੰਡਿਆਇਆ ਮਾਈਨਰ ਦੀ ਕੰਕਰੀਟ ਰੀਲਾਈਨਿੰਗ ਦਾ 82 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਮੁਕੰਮਲ ਹੋਣ ਨਾਲ ਬਰਨਾਲਾ ਰਜਵਾਹੇ ਵਿਚ ਪਾਣੀ ਦੀ 20 ਫੀਸਦੀ ਸਮਰੱਥਾ ਵਧੀ ਹੈ। ਓਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਭੂਰੇ, ਹਰੀਗੜ੍ਹ, ਬਡਬਰ, ਉੱਪਲੀ ਆਦਿ ਪਿੰਡਾਂ ਵਿਚ ਨਵੇਂ ਮੋਘੇ ਲਾਏ ਗਏ ਹਨ, ਜਿਸ ਨਾਲ ਸੈਂਕੜੇ ਏਕੜ ਰਕਬੇ ਨੂੰ ਪਹਿਲੀ ਵਾਰ ਨਹਿਰੀ ਪਾਣੀ ਨਸੀਬ ਹੋਇਆ ਹੈ। ਓਨ੍ਹਾਂ ਦੱਸਿਆ ਕਿ ਬਰਨਾਲਾ ਹਲਕੇ ਵਿੱਚ 4 ਹੋਰ ਨਵੇਂ ਮੋਘੇ ਤਜਵੀਜ਼ਤ ਹਨ। ਇਸ ਤੋਂ ਇਲਾਵਾ ਇਕ ਨਵੇਂ ਪ੍ਰੋਜੈਕਟ ਤਹਿਤ ਪਿੰਡ ਵਾਸੀਆਂ ਤੋਂ ਨਵੇਂ ਮੋਘੇ ਲਾਉਣ ਲਈ ਨਹਿਰੀ ਪਾਣੀ ਸਬੰਧੀ ਮੰਗ ਲਈ ਜਾਵੇਗੀ ਅਤੇ ਆਉਂਦੇ ਸਮੇਂ ਵਿੱਚ ਵੱਧ ਤੋਂ ਵੱਧ ਪਿੰਡਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਬਰਨਾਲਾ ਦਾ ਰਕਬਾ ਨਹਿਰੀ ਪਾਣੀ ਤੋਂ ਵਾਂਝਾ ਨਾ ਰਹੇ। ਇਸ ਮੌਕੇ ਜਲ ਸਰੋਤ ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ ਹਲਕੇ ਵਿੱਚ 1 ਕਰੋੜ ਦੇ ਸਿੰਜਾਈ ਪ੍ਰੋਜੈਕਟ ਚੱਲ ਰਹੇ ਹਨ ਅਤੇ ਕਈ ਪ੍ਰੋਜੈਕਟ ਪਾਇਪਲਾਇਨ ਵਿੱਚ ਹਨ। ਇਸ ਮੌਕੇ ਸ. ਮੀਤ ਹੇਅਰ ਨੇ ਕਿਹਾ ਪਿੰਡਾਂ ਵਿਚ ਬਰਨਾਲਾ ਹਲਕੇ ਦੇ ਪਿੰਡਾਂ ਵਿਚ ਖੇਡ ਮੈਦਾਨਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਓਨ੍ਹਾਂ ਕਿਹਾ ਪੰਜਾਬ ਸਰਕਾਰ ਵਲੋਂ ਹਰ ਪਿੰਡ ਵਿਚ ਖੇਡ ਮੈਦਾਨ ਬਣਾਇਆ ਜਾਣਾ ਹੈ, ਇਸ ਲਈ ਹਰ ਪਿੰਡ ਵਿਚ ਖੇਡ ਮੈਦਾਨ ਬਣਾਉਣ ਦਾ ਐਸਟੀਮੇਟ ਤਿਆਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਜ਼ਿਲ੍ਹੇ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸਤਵੰਤ ਸਿੰਘ ਵਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿਕਾਸ ਕੰਮਾਂ ਦੀ ਪ੍ਰਗਤੀ ਬਾਰੇ ਦੱਸਿਆ ਗਿਆ। ਇਸ ਮੌਕੇ ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸ. ਪਰਮਿੰਦਰ ਸਿੰਘ ਭੰਗੂ, ਜਲ ਸਰੋਤ ਵਿਭਾਗ ਦੇ ਐਕਸੀਅਨ ਹਰਸ਼ਾਂਤ ਵਰਮਾ, ਐਕਸੀਅਨ ਅਤਿੰਦਰ ਸਿੰਘ, ਐਕਸੀਅਨ ਰਮਨਦੀਪ ਸਿੰਘ, ਐਕਸੀਅਨ ਨੈਸ਼ਨਲ ਹਾਈਵੇਅ ਵਿਨੀਤ ਸਿੰਗਲਾ ਤੇ ਵੱਖ – ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ। Post navigation Previous Post ਬਿਰਧ ਆਸ਼ਰਮ ਵਿੱਚ ਰਹਿਣ ਲਈ ਲੋੜਵੰਦ ਬਜ਼ੁਰਗ ਰਜਿਸਟ੍ਰੇਸ਼ਨ ਕਰਵਾਉਣ : ਡਿਪਟੀ ਕਮਿਸ਼ਨਰNext Postਮੱਕੀ ਹੇਠ ਲੁੱਕੋ ਕੇ 40 ਕਿਲੋ ਭੁੱਕੀ ਲਿਆ ਰਹੇ ਤਿੰਨ ਵਿਅਕਤੀ ਕਾਬੂ, ਟਰਾਲਾ ਵੀ ਬਰਾਮਦ