Posted inਸਿਹਤ ਬਰਨਾਲਾ ਡੇਂਗੂ ਤੋਂ ਬਚਾਅ ਲਈ ਸਮਾਜ ’ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ : ਸਿਵਲ ਸਰਜਨ Posted by overwhelmpharma@yahoo.co.in May 16, 2025 ਬਰਨਾਲਾ, 16 ਮਈ (ਰਵਿੰਦਰ ਸ਼ਰਮਾ) : ਸਿਹਤ ਵਿਭਾਗ ਬਰਨਾਲਾ ਵੱਲੋਂ ‘ਸਮੇਂ ਸਿਰ ਕਾਰਵਾਈ, ਡੇਂਗੂ ਤੋਂ ਬਚਾਅ, ਆਲੇ ਦੁਆਲੇ ਦੀ ਸਫਾਈ, ਸਿਹਤਮੰਦ ਜ਼ਿੰਦਗੀ‘ ਵਿਸ਼ੇ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ‘ਚ ਰਾਸਟਰੀ ਡੇਂਗੂ ਦਿਵਸ ਮਨਾਇਆ ਗਿਆ। ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਕਰਨ ਲਈ ਸਮੇਂ ਸਮੇਂ ‘ਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਜਾਗਰੂਕਤਾ ਅਤੇ ਬਚਾਅ ਕਾਰਜ ਕੀਤੇ ਜਾਂਦੇ ਹਨ । ਡੇਂਗੂ ਦਾ ਇਲਾਜ ਅਤੇ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਤਪਿੰਦਰਜੋਤ ਕੌਸ਼ਲ ਦੀ ਅਗਵਾਈ ਹੇਠ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ.ਪਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਡਾ.ਮੁਨੀਸ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ‘ਚ ਦਰਦ, ਚਮੜੀ ‘ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ ਅਤੇ ਨੱਕ ਜਾਂ ਮਸੂੜਿਆਂ ਚੋਂ ਖੂਨ ਵਗਣਾ ਆਦਿ ਲੱਛਣ ਹੋਣ ਤਾਂ ਨੇੜੇ ਦੇ ਸਿਹਤ ਕੇਂਦਰ ਜਾਂ ਸਰਕਾਰੀ ਹਸਪਤਾਲ ‘ਚ ਚੈੱਕਅੱਪ ਕਰਾਉਣਾ ਚਾਹੀਦਾ ਹੈ। ਡਾ. ਮੁਨੀਸ ਕੁਮਾਰ ਜਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਡੇਂਗੂ ਦਿਵਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਦੀ ਲੜੀ ਵਜੋਂ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਦੇ ਲਾਰਵੇ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਬਰਨਾਲਾ ਸ਼ਹਿਰ ‘ਚ ਵਿਦਿਆਰਥੀਆਂ ਅਤੇ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਭੇਜਿਆ ਗਿਆ । ਸਿਹਤ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਡੇਂਗੂ ਦਾ ਮੱਛਰ ਸਾਫ ਖੜੇ ਪਾਣੀ ਵਿੱਚ ਪਲਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਡੇਂਗੂ ਦਾ ਮੱਛਰ ਹਫਤੇ ‘ਚ ਆਂਡੇ ਤੋਂ ਪੂਰਾ ਮੱਛਰ ਬਣਦਾ ਹੈ। ਇਸ ਲਈ ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਨ (ਡਰਾਈ ਡੇ) ਡੇਂਗੂ ਦੇ ਲਾਰਵੇ ਦੇ ਪੈਦਾ ਹੋਣ ਦੀ ਜਗ੍ਹਾ ਜਿਵੇਂ ਕੂਲਰ ਗਮਲੇ ਫਰਿੱਜ ਦੀ ਬੈਕ ਟ੍ਰੇਅ ਅਤੇ ਪਾਣੀ ਜਮਾਂ ਕਰਨ ਦੇ ਸੋਮਿਆਂ ਨੂੰ ਸਾਫ ਕਰਨਾ ਅਤੇ ਸੁਕਾਉਣਾ ਚਾਹੀਦਾ ਹੈ। ਮੱਛਰ ਦੇ ਕੱਟਣ ਤੋਂ ਬਚਣ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਏ ਜਾਣ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ, ਤੇਲ ਆਦਿ ਦੀ ਵਰਤੋਂ ਕੀਤੀ ਜਾਵੇ। ਟੁੱਟੇ ਬਰਤਨ, ਡਰੰਮ, ਟਾਇਰਾਂ ਆਦਿ ਨੂੰ ਖੁੱਲੇ ‘ਚ ਨਾ ਸੁੱਟਿਆ ਜਾਵੇ । ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸ਼ਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਲੋਕਾਂ ਨੂੰ ਡੇਂਗੂ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਪੈਂਫਲੈਟਸ, ਪੋਸਟਰਾਂ ਪ੍ਰਿੰਟ ਮਟੀਰੀਅਲ, ਗਰੁੱਪ ਮੀਟਿੰਗਾਂ ਅਤੇ ਪ੍ਰੈਸ ਕਵਰੇਜ ਰਾਂਹੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸੀਐਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ ਕੌਰ ਦੀ ਅਗੁਵਾਈ ਹੇਠ ਬਲਾਕ ਮਹਿਲ ਕਲਾਂ ਦੇ ਪਿੰਡਾਂ ਵਿਖੇ ਸਿਹਤ ਸਟਾਫ਼ ਵੱਲੋਂ ਵੱਖ ਵੱਖ ਥਾਵਾਂ ਜਿਵੇਂ ਕਿ ਸਕੂਲਾਂ, ਜਨਤਕ ਥਾਵਾਂ, ਸਿਹਤ ਕੇਂਦਰਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ। Post navigation Previous Post 100 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਸਣੇ ਸੱਸ ਤੇ ਨੂੰਹ ਗ੍ਰਿਫ਼ਤਾਰNext Postਵਿਦਿਆਰਥੀ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਕੇ ਮੇਹਨਤ ਕਰਨ : ਡਿਪਟੀ ਕਮਿਸ਼ਨਰ