ਹੁਣ ਸੀਬੀਐੱਸਈ ਸਕੂਲਾਂ ’ਚ ਬਣਨਗੇ ਸ਼ੂਗਰ ਬੋਰਡ

ਚੰਡੀਗੜ੍ਹ, 20 ਮਈ (ਰਵਿੰਦਰ ਸ਼ਰਮਾ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨਾਲ ਸਬੰਧਤ ਸਕੂਲਾਂ ’ਚ ਜਲਦੀ ਹੀ ਸ਼ੂਗਰ ਬੋਰਡ ਬਣਾਏ ਜਾਣਗੇ। ਬੱਚਿਆਂ ’ਚ ਸ਼ੂਗਰ ਦੇ ਵਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਸੀਬੀਐਸਈ ਨੇ ਸ਼ੂਗਰ ਬੋਰਡ ਸਥਾਪਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀਬੀਐਸਈ ਨੇ ਇਨ੍ਹਾਂ ਨੂੰ ਵਿਦਿਆਰਥੀਆਂ ਨੂੰ ਭੋਜਨ ਤੇ ਪੀਣ ਵਾਲੇ ਪਦਾਰਥਾਂ ਜਿਵੇਂ ਕਿ ਬਹੁਤ ਜ਼ਿਆਦਾ ਖੰਡ ਦਾ ਸੇਵਨ, ਜੰਕ ਫੂਡ (ਪੀਜ਼ਾ, ਬਰਗਰ, ਮੋਮੋ), ਕੋਲਡ ਡਰਿੰਕਸ ਆਦਿ ਨਾਲ ਜੁੜੇ ਜੋਖਮਾਂ ਬਾਰੇ ਜਾਣਕਾਰੀ ਪ੍ਰਦਰਸ਼ਿਤ ਕਰਨ ਲਈ ਕਿਹਾ ਹੈ।
ਬੱਚਿਆਂ ’ਚ ਟਾਈਪ-2 ਵਧ ਰਹੀ ਸ਼ੂਗਰ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਆਪਣੇ ਅਧੀਨ ਸਕੂਲਾਂ ਨੂੰ ਬੱਚਿਆਂ ਦੀ ਖੰਡ ਦੀ ਖਪਤ ਦੀ ਨਿਗਰਾਨੀ ਕਰਨ ਤੇ ਘਟਾਉਣ ਲਈ ਸਕੂਲਾਂ ’ਚ ਸ਼ੂਗਰ ਬੋਰਡ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਅਨੁਸਾਰ ਇਹ ਕਦਮ ਬੱਚਿਆਂ ’ਚ ਟਾਈਪ 2 ਸ਼ੂਗਰ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਪਹਿਲਾਂ ਇਹ ਬਿਮਾਰੀ ਸਿਰਫ ਬਾਲਗਾਂ ’ਚ ਹੀ ਦੇਖੀ ਜਾਂਦੀ ਸੀ। ਪਰ ਹੁਣ ਵੱਡੀ ਗਿਣਤੀ ’ਚ ਬੱਚੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਸੀਬੀਐਸਈ ਨੇ ਸੰਸਥਾਵਾਂ ਦੇ ਮੁਖੀਆਂ ਨੂੰ ਭੇਜਿਆ ਪੱਤਰ
ਸੀਬੀਐਸਈ ਨੇ ਸਕੂਲ ਪ੍ਰਿੰਸੀਪਲਾਂ ਨੂੰ ਭੇਜੇ ਇਕ ਪੱਤਰ ’ਚ ਕਿਹਾ ਹੈ ਕਿ ਪਿਛਲੇ ਦਹਾਕੇ ’ਚ ਬੱਚਿਆਂ ’ਚ ਟਾਈਪ 2 ਸ਼ੂਗਰ ਦੇ ਮਾਮਲਿਆਂ ’ਚ ਚਿੰਤਾਜਨਕ ਵਾਧਾ ਹੋਇਆ ਹੈ। ਇਸਦਾ ਮੁੱਖ ਕਾਰਨ ਬਹੁਤ ਜ਼ਿਆਦਾ ਖੰਡ ਦਾ ਸੇਵਨ ਹੈ, ਜੋ ਕਿ ਸਕੂਲਾਂ ’ਚ ਆਸਾਨੀ ਨਾਲ ਉਪਲਬਧ ਮਿੱਠੇ ਸਨੈਕਸ, ਸਾਫਟ ਡਰਿੰਕਸ ਤੇ ਪ੍ਰੋਸੈਸਡ ਭੋਜਨ ਦੇ ਕਾਰਨ ਹੈ। ਬੋਰਡ ਨੇ ਚੇਤਾਵਨੀ ਦਿੱਤੀ ਕਿ ਜ਼ਿਆਦਾ ਖੰਡ ਨਾ ਸਿਰਫ ਸ਼ੂਗਰ, ਸਗੋਂ ਮੋਟਾਪਾ, ਦੰਦਾਂ ਦੀਆਂ ਸਮੱਸਿਆਵਾਂ ਤੇ ਹੋਰ ਪਾਚਕ ਵਿਕਾਰ ਦਾ ਕਾਰਨ ਬਣ ਰਹੀ ਹੈ, ਜੋ ਬੱਚਿਆਂ ਦੀ ਲੰਬੇ ਸਮੇਂ ਦੀ ਸਿਹਤ ਤੇ ਅਕਾਦਮਿਕ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰ ਰਹੀ ਹੈ।
ਕੀ ਕਹਿੰਦੀ ਹੈ ਖੋਜ?
ਵਰਤਮਾਨ ’ਚ 4 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਲਈ 13 ਫੀਸਦੀ ਕੈਲੋਰੀ ਤੇ 11 ਤੋਂ 18 ਸਾਲ ਦੀ ਉਮਰ ਦੇ ਕਿਸ਼ੋਰਾਂ ਲਈ 15 ਫੀਸਦੀ ਕੈਲੋਰੀ ਸਿਰਫ ਖੰਡ ਤੋਂ ਆਉਂਦੀ ਹੈ। ਜਦੋਂ ਕਿ ਇਹ ਮਾਤਰਾ 5 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਕੀ ਹੈ ਸ਼ੂਗਰ ਬੋਰਡ?
ਸੀਬੀਐਸਈ ਨੇ ਸਾਰੇ ਸਕੂਲਾਂ ਨੂੰ ਇਕ ਸ਼ੂਗਰ ਬੋਰਡ ਲਗਾਉਣ ਲਈ ਕਿਹਾ ਹੈ। ਜਿਸ ’ਚ ਹੇਠ ਲਿਖੀ ਜਾਣਕਾਰੀ ਸਪੱਸ਼ਟ ਤੌਰ ’ਤੇ ਪ੍ਰਦਰਸ਼ਿਤ ਹੋਣੀ ਚਾਹੀਦੀ ਹੈ। ਆਮ ਤੌਰ ’ਤੇ ਖਪਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਜੰਕ ਫੂਡ ਤੇ ਕੋਲਡ ਡਰਿੰਕਸ ਆਦਿ ’ਚ ਮੌਜੂਦ ਖੰਡ ਦੀ ਮਾਤਰਾ।
ਜ਼ਿਆਦਾ ਖੰਡ ਦੇ ਸੇਵਨ ਦੇ ਸਿਹਤ ਜੋਖਮ
ਸਿਹਤਮੰਦ ਵਿਕਲਪ ਜਿਵੇਂ ਕਿ ਫਲ, ਕੁਦਰਤੀ ਜੂਸ ਆਦਿ।
ਇਸ ਨਾਲ ਵਿਦਿਆਰਥੀਆਂ ਨੂੰ ਸਹੀ ਖੁਰਾਕ ਦੀ ਸਮਝ ਮਿਲੇਗੀ ਤੇ ਉਹ ਇਕ ਸਿਹਤਮੰਦ ਜੀਵਨਸ਼ੈਲੀ ਵੱਲ ਵਧਣਗੇ।
ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ
ਸੀਬੀਐਸਈ ਨੇ ਸਕੂਲਾਂ ਨੂੰ ਸੈਮੀਨਾਰਾਂ ਤੇ ਵਰਕਸ਼ਾਪਾਂ ਰਾਹੀਂ ਬੱਚਿਆਂ ਤੇ ਮਾਪਿਆਂ ’ਚ ਖੰਡ ਬਾਰੇ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਤਹਿਤ 15 ਜੁਲਾਈ ਤੋਂ ਪਹਿਲਾਂ ਸਕੂਲਾਂ ਨੂੰ ਸੀਬੀਐਸਈ ਪੋਰਟਲ ’ਤੇ ਇਕ ਸੰਖੇਪ ਰਿਪੋਰਟ ਤੇ ਕੁਝ ਤਸਵੀਰਾਂ ਅਪਲੋਡ ਕਰਨੀਆਂ ਪੈਣਗੀਆਂ।
ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ
ਸੀਬੀਐਸਈ ਨੇ ਇਹ ਪਹਿਲ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨਸੀਪੀਸੀਆਰ) ਦੇ ਨਿਰਦੇਸ਼ਾਂ ’ਤੇ ਕੀਤੀ ਹੈ। ਇਹ ਕਮਿਸ਼ਨ 2005 ਦੇ ਸੀਪੀਸੀਆਰ ਐਕਟ ਅਧੀਨ ਗਠਿਤ ਇਕ ਕਾਨੂੰਨੀ ਸੰਸਥਾ ਹੈ ਤੇ ਬੱਚਿਆਂ, ਖਾਸ ਕਰਕੇ ਕਮਜ਼ੋਰ ਤੇ ਹਾਸ਼ੀਏ ’ਤੇ ਧੱਕੇ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.