Posted inਚੰਡੀਗੜ੍ਹ ‘ਆਪ’ ਸਰਕਾਰ ਵਲੋਂ ਗ਼ੈਰ ਪੰਜਾਬੀਆਂ ਨੂੰ ਬੋਰਡਾਂ ਦੀ ਚੇਅਰਮੈਨੀ ਦੇਣ ’ਤੇ ਚੜ੍ਹਿਆ ਸਿਆਸੀ ਪਾਰਾ Posted by overwhelmpharma@yahoo.co.in May 20, 2025 ਚੰਡੀਗੜ੍ਹ, 20 ਮਈ (ਰਵਿੰਦਰ ਸ਼ਰਮਾ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੰਘੇ ਦਿਨੀਂ ਵੱਖ-ਵੱਖ ਬੋਰਡਾਂ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਮਗਰੋਂ ਸੂਬੇ ਦਾ ਸਿਆਸੀ ਪਾਰਾ ਚੜ੍ਹਣ ਲੱਗਿਆ ਹੈ। ਜਿਸਦਾ ਕਾਰਨ ਹੈ ਇੰਨ੍ਹਾਂ ਚੇਅਰਮੈਨਾਂ ’ਚ ਦੋ ਗੈਰ ਪੰਜਾਬੀ ਚਿਹਰਿਆਂ ਨੂੰ ਚੇਅਰਮੈਨੀ ਦੇਣਾ। ਜਿਓਂ ਹੀ ਪੰਜਾਬ ਸਰਕਾਰ ਵਲੋਂ ਵੱਖ-ਵੱਖ ਬੋਰਡਾਂ ਦੇ ਚੇਅਰਮੈਨਾਂ ਦੀ ਸੂਚੀ ਜਾਰੀ ਕੀਤੀ ਗਈ, ਤਿਓਂ ਹੀ ਵਿਰੋਧੀ ਪਾਰਟੀਆਂ ਨੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਲਿਆ ਤੇ ਸਰਕਾਰ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। – ਇਹ ਹਨ ਦੋ ਗੈਰ ਪੰਜਾਬੀ ਚੇਅਰਮੈਨ ਪੰਜਾਬ ਸਰਕਾਰ ਵਲੋਂ ‘ਆਪ’ ਦੀ ਕੌਮੀ ਤਰਜਮਾਨ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਲਾਇਆ ਗਿਆ ਹੈ ਜਦਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੰਸਦ ਮੈਂਬਰ ਸੰਦੀਪ ਪਾਠਕ ਦੇ ਨੇੜਲੇ ਦੀਪਕ ਚੌਹਾਨ ਨੂੰ ‘ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ’ ਦਾ ਚੇਅਰਮੈਨ ਲਾਇਆ ਗਿਆ ਹੈ। – 5 ਚੇਅਰਮੈਨ, 2 ਵਾਈਸ ਚੇਅਰਮੈਨ, 17 ਡਾਇਰੈਕਟਰ ਤੇ 7 ਮੈਂਬਰਾਂ ਕੀਤੇ ਹਨ ਨਿਯੁਕਤ ਦੱਸ ਦਈਏ ਕਿ ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੋਰਡਾਂ ਤੇ ਨਿਗਮਾਂ ਦੇ ਪੰਜ ਚੇਅਰਮੈਨ, ਦੋ ਵਾਈਸ ਚੇਅਰਮੈਨ, 17 ਡਾਇਰੈਕਟਰ ਅਤੇ ਸੱਤ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ 31 ਅਹੁਦਿਆਂ ਤੋਂ ਇਲਾਵਾ ਸਾਇੰਸ ਤੇ ਤਕਨਾਲੋਜੀ ਵਿਭਾਗ ਨੇ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਨਿਯੁਕਤ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਰੀਨਾ ਗੁਪਤਾ ‘ਆਪ’ ਦੀ ਸਾਬਕਾ ਪਾਰਟੀ ਸਕੱਤਰ ਵਜੋਂ ਵੀ ਕੰਮ ਕਰ ਚੁੱਕੀ ਹੈ। ਸਰਕਾਰ ਵਲੋਂ ਸੂਚੀ ਜਾਰੀ ਕਰਨ ਦੀ ਹੀ ਦੇਰ ਸੀ ਕਿ ਵਿਰੋਧੀ ਧਿਰਾਂ ਨੇ ਸੱਤਾਧਾਰੀ ਧਿਰ ’ਤੇ ਬਾਹਰੀ ਲੋਕਾਂ ਦੇ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। – ਪੰਜਾਬ ਦੇ ਉਦਯੋਗਾਂ ਨੂੰ ਲੁੱਟਣਾ ਚਾਹੁੰਦੇ ਹਨ ਕੇਜਰੀਵਾਲ ਤੇ ਸੰਦੀਪ ਪਾਠਕ : ਸੁਖਬੀਰ ਬਾਦਲ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਦੋ ਅਹਿਮ ਅਹੁਦੇ ਕੇਜਰੀਵਾਲ ਤੇ ਸੰਦੀਪ ਪਾਠਕ ਦੇ ਨੇੜਲਿਆਂ ਹਵਾਲੇ ਕਰ ਦਿੱਤੇ ਹਨ। ਜਿਸ ਨਾਲ ਸਪੱਸ਼ਟ ਹੋ ਗਿਆ ਹੈ ਕਿ ‘ਆਪ’ ਦੀ ਦਿੱਲੀ ਲੀਡਰਸ਼ਿਪ ਪੰਜਾਬ ਦੇ ਉਦਯੋਗਾਂ ਨੂੰ ਲੁੱਟਣਾ ਚਾਹੁੰਦੀ ਹੈ। – ਦਿੱਲੀ ਦੇ ਲੋਕਾਂ ਵਲੋਂ ਨਕਾਰਿਆਂ ਨੂੰ ਪੰਜਾਬ ’ਚ ਨਵਾਜਿਆ ਜਾ ਰਿਹੈ : ਪਰਗਟ ਸਿੰਘ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ‘ਆਪ’ ਸਰਕਾਰ ਵਲੋਂ ਹੁਣ ਦਿੱਲੀ ਦੇ ਰੱਦ ਕੀਤੇ ਲੋਕਾਂ ਦੇ ਸਲਾਹਕਾਰਾਂ ਨੂੰ ਪੰਜਾਬ ਵਿੱਚ ਨਿਵਾਜਿਆ ਜਾ ਰਿਹਾ ਹੈ ਜੋ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਸਨਅਤ ਨੂੰ ਕੰਟਰੋਲ ਕਰਨ ਵਾਸਤੇ ਦਿੱਲੀ ਦੀ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਇਹ ਦਿੱਲੀ ਦੀ ‘ਆਪ’ ਲੀਡਰਸ਼ਿਪ ਦਾ ਪੰਜਾਬ ਨੂੰ ਲੁੱਟਣ ਦਾ ਨਵਾਂ ਤਰੀਕਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰੀਨਾ ਗੁਪਤਾ ਤੇ ਦੀਪਕ ਚੌਹਾਨ ਦੀ ਨਿਯੁਕਤੀ ਨੇ ਪੰਜਾਬ ਨੂੰ ਅਸਲ ‘ਬਦਲਾਅ’ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਤੋਂ ਭਾਈ-ਭਤੀਜਾਵਾਦ ਵੀ ਸਾਫ਼ ਦਿਖ ਰਿਹਾ ਹੈ ਅਤੇ ਇਹ ਅਹੁਦੇ ਗ਼ੈਰ ਪੰਜਾਬੀ ਲੋਕਾਂ ਨੂੰ ਦਿੱਤੇ ਗਏ ਹਨ। ਨਾ ਕੋਈ ਮੈਰਿਟ ਦੇਖੀ ਗਈ ਹੈ ਅਤੇ ਨਾ ਹੀ ਤਜਰਬਾ। – ‘ਆਪ’ ਵਿਧਾਇਕਾਂ ਦੀ ਜ਼ਮੀਰ ਮਰ ਗਈ ਹੈ : ਜਾਖੜ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ‘ਆਪ’ ਵਿਧਾਇਕਾਂ ਦੀ ਜ਼ਮੀਰ ਮਰ ਗਈ ਹੈ। ਇਨ੍ਹਾਂ ਨਿਯੁਕਤੀਆਂ ਨੇ ‘ਆਪ’ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਦਿੱਲੀ ਦੇ ਵਧ ਰਹੇ ਦਾਖਲ ਕਾਰਨ ਹੁਣ ਪੰਜਾਬ ਦੀ ‘ਆਪ’ ਲੀਡਰਸ਼ਿਪ ਵਿੱਚ ਜਲਦੀ ਵਿਵਾਦ ਖੜ੍ਹਾ ਹੋਵੇਗਾ। Post navigation Previous Post ਹੁਣ ਸੀਬੀਐੱਸਈ ਸਕੂਲਾਂ ’ਚ ਬਣਨਗੇ ਸ਼ੂਗਰ ਬੋਰਡNext Postਬਰਨਾਲਾ ਵਿਖੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ, ਅੱਧਮਰਿਆ ਕਰ ਸੁੱਟਿਆ ਰੇਲਵੇ ਲਾਈਨਾਂ ’ਤੇ