Posted inਬਰਨਾਲਾ ਟੱਲੇਵਾਲ ਪੁਲਿਸ : ਦਸਤਾਵੇਜ਼ ਪੂਰੇ ਫਿਰ ਵੀ ਕੱਟਿਆ ਚਲਾਨ Posted by overwhelmpharma@yahoo.co.in Jun 6, 2025 – ਨਾਕੇ `ਤੇ ਪੁਲਿਸ ਕਹਿੰਦੀ, ਅਸੀਂ ਤਾਂ ਚਲਾਨ ਕੱਟਣਾ ਹੀ ਹੈ ਬਰਨਾਲਾ, 6 ਜੂਨ (ਰਵਿੰਦਰ ਸ਼ਰਮਾ) : ਟੱਲੇਵਾਲ ਪੁਲਿਸ ਵੱਲੋਂ ਨਾਕੇ ’ਤੇ ਇਕ ਕਾਰ ਚਾਲਕ ਦੇ ਸਾਰੇ ਕਾਗਜਾਤ ਪੂਰੇ ਹੋਣ ਦੇ ਬਾਵਜੂਦ ਚਲਾਨ ਕੱਟਣ ਦਾ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਦੇ ਦਰਬਾਰ ਪੁੱਜਾ ਹੈ। ਸ਼ਹਿਰ ’ਚ ਟੱਲੇਵਾਲ ਪੁਲਿਸ ਦੀ ਇਸ ਕਾਰਵਾਈ ਦੀ ਖੂਬ ਚਰਚਾ ਹੋ ਰਹੀ ਹੈ ਤੇ ਇਹ ਚਰਚਾ ਲਈ ਸਵਾਲ ਵੀ ਖੜੇ ਕਰ ਰਹੀ ਹੈ। ਸ਼ਕਤੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨੀ ਗੋਇਲ ਪੁੱਤਰ ਬਲਦੇਵ ਕ੍ਰਿਸ਼ਨ ਗੋਇਲ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਮੋਗਾ ਤੋਂ ਬਰਨਾਲਾ ਆ ਰਿਹਾ ਸੀ ਤਾਂ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ਉੱਪਰ ਮੱਲੀਆਂ ਟੋਲ ਪਲਾਜ਼ੇ ਨਜ਼ਦੀਕ ਟੱਲੇਵਾਲ ਪੁਲਿਸ ਵੱਲੋਂ ਨਾਕੇ ਦੌਰਾਨ ਉਸ ਨੂੰ ਰੋਕਿਆ ਗਿਆ। ਪੁਲਿਸ ਨੇ ਉਨ੍ਹਾਂ ਕੋਲੋਂ ਕਾਰ ਸਬੰਧੀ ਸਾਰੇ ਦਸਤਾਵੇਜ਼ ਮੰਗੇ ਤਾਂ ਉਨ੍ਹਾਂ ਨੇ ਡਰਾਈਵਿੰਗ ਲਾਇਸੈਂਸ, ਆਰਸੀ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਆਦਿ ਕਾਗਜਾਤ ਦਿਖਾਉਣ ਦੇ ਬਾਵਜੂਦ ਪੁਲਿਸ ਨੇ ਉਸ ਨੂੰ ਕਿਹਾ, “ਅਸੀਂ ਤਾਂ ਚਲਾਨ ਕੱਟਣਾ ਹੀ ਹੈ।” ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਜਦ ਦਸਤਾਵੇਜ਼ ਪੂਰੇ ਹਨ, ਤਾਂ ਚਲਾਨ ਕਿਵੇਂ? ਇਸ ’ਤੇ ਉਥੇ ਮੌਜੂਦ ਇਕ ਮਹਿਲਾ ਪੁਲਸ ਅਧਿਕਾਰੀ ਨੇ ਕਿਹਾ ਕਿ “ਤੁਹਾਡੇ ਕੋਲ ਫਸਟ ਏਡ ਕਿੱਟ ਨਹੀਂ ਹੈ, ਇਸ ਕਰਕੇ ਚਲਾਨ ਕੱਟਿਆ ਜਾਵੇਗਾ।” ਉਸ ਨੇ ਤੁਰੰਤ ਫਸਟ ਏਡ ਕਿੱਟ ਦਿਖਾਈ, ਪਰ ਪੁਲਿਸ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਚਲਾਨ ਕੱਟ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸ਼ਰੇਆਮ ਧੱਕਾ ਹੈ ਤੇ ਲੋਕਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਉਹ ਜ਼ਿਲ੍ਹਾ ਪੁਲਸ ਮੁਖੀ ਕੋਲੋਂ ਮੰਗ ਕਰਦੇ ਹਨ ਕਿ ਅਜਿਹੇ ਪੁਲਿਸ ਕਰਮਚਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। —ਪੁਲਿਸ ਦੀ ਕਾਰਗੁਜ਼ਾਰੀ ’ਤੇ ਖੜੇ ਹੋਏ ਸਵਾਲ ਇਸ ਘਟਨਾ ਨੇ ਇਕ ਵਾਰ ਮੁੜ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰ ਦਿੱਤੇ ਹਨ ਕਿ ਕੀ ਆਮ ਲੋਕਾਂ ਨੂੰ ਬਿਨਾਂ ਕਿਸੇ ਗਲਤੀ ਦੇ ਵੀ ਚਲਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਤੇ ਕੀ ਪੁਲਿਸ ਦੀ ਇਹ ਮਰਜੀ ਹੈ ਕਿ ਉਹ ਕਿਸੇ ਵੀ ਵਜ੍ਹਾ ਤੋਂ ਕਿਸੇ ਨੂੰ ਵੀ ਚਲਾਨ ਕਰ ਸਕਦੀ ਹੈ? ਸ਼ਹਿਰ ਵਾਸੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਮਾਮਲੇ ਦੀ ਨਿੱਜੀ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਜੋ ਨਜਾਇਜ ਢੰਗ ਨਾਲ ਕੱਟੇ ਜਾਂਦੇ ਚਲਾਨਾਂ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਸਕੇ ਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨਾ ਹੋਣ। ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਧਿਆਨ ’ਚ ਆਇਆ ਹੈ। ਇਸਦੀ ਜਾਂਚ ਕਰਵਾਈ ਜਾਵੇਗੀ। ਜੇਕਰ ਕੋਈ ਪੁਲਿਸ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Post navigation Previous Post ਭਾਰਤ ਭੂਸ਼ਣ ਆਸ਼ੂ ਨੂੰ ਪੁੱਛਗਿੱਛ ਗਈ ਨੋਟਿਸ ਭੇਜਣ ਵਾਲਾ ਐੱਸ.ਐੱਸ.ਪੀ. ਮੁਅੱਤਲNext Postਟਰੈਵਲ ਏਜੰਸੀ ਦਾ ਲਾਇਸੈਂਸ ਰੱਦ