ਬਰਨਾਲਾ, 15 ਜੂਨ (ਰਵਿੰਦਰ ਸ਼ਰਮਾ) : ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਬਰਨਾਲਾ ਬੱਸ ਸਟੈਂਡ ਰੋਡ ਪੁਲਿਸ ਚੌਂਕੀ ਨੇੜੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਸਾਹਮਣੇ ਕ੍ਰਿਸ਼ਨਾ ਵਾਚ ਤੇ ਆਪਟੀਕਲ ਕੰਪਨੀ ਨਾਂਅ ਦੀ ਦੁਕਾਨ ਤੋਂ ਅਣਪਛਾਤੇ ਚੋਰਾਂ ਵਲੋਂ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਹੈ। ਦੁਕਾਨ ਮਾਲਕ ਹਰੀਸ਼ ਦਾਨੀਆਂ ਨੇ ਸਵੇਰੇ ਕਰੀਬ ਸਾਢੇ 8-9 ਵਜੇ ਦੁਕਾਨ ਖੋਲ੍ਹੀ ਤਾਂ ਅੰਦਰ ਸਾਮਾਨ ਖਿਲਰਿਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਜਿਸ ਦੀ ਸੂਚਨਾ ਤਰੁੰਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਕਿਹਾ ਕਿ ਪੀੜਤ ਦੁਕਾਨਦਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪੀੜਤ ਦੁਕਾਨ ਮਾਲਕ ਹਰੀਸ਼ ਦਾਨੀਆਂ ਨੇ ਦੱਸਿਆ ਕਿ ਅਣਪਛਾਤੇ ਚੋਰ ਦੁਕਾਨ ਦੇ ਪਿਛਲੇ ਪਾਸੇ ਕੰਧ ਨੂੰ ਪਾੜ ਲਗਾ ਕੇ ਚੋਰ ਦੁਕਾਨ ਅੰਦਰ ਦਾਖਲ ਹੋਏ ਤੇ ਕੀਮਤੀ ਘੜੀਆਂ, ਐਨਕਾਂ ਤੇ ਗੱਲੇ ’ਚ ਪਈ ਕਰੀਬ 8-10 ਨਕਦੀ ਤੋਂ ਇਲਾਵਾ ਰਜਿਸਟਰੀ ਕਰਵਾਉਣ ਲਈ ਰੱਖੇ 2-3 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਚੋਰ ਸੀਸੀਟੀਵੀ ਕੈਮਰਿਆਂ ਦੀ ਤਾਰ ਕੱਟ ਕੇ ਡੀਵੀਆਰ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਆਨਲਾਈਨ ਫੁਟੇਜ਼ ਅਨੁਸਾਰ ਕੈਮਰੇ ਸਵੇਰੇ ਬੰਦ ਹੋਏ ਹਨ ਤੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਵੀ ਸਵੇਰੇ ਹੀ ਦਿੱਤਾ ਗਿਆ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਨਾਲ ਦੀ ਦੁਕਾਨ ’ਚ ਵੀ ਪਾੜ ਲਗਾਇਆ ਗਿਆ ਹੈ। ਪਰ ਉਹ ਖਾਲੀ ਸੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਹੀ ਗ੍ਰਿਫਤ ’ਚ ਲਿਆ ਜਾਵੇ ਤੇ ਚੋਰੀ ਹੋਇਆ ਸਾਮਾਨ ਤੇ ਨਕਦੀ ਬਾਰਮਦ ਕਰਵਾ ਕੇ ਦਿੱਤੀ ਜਾਵੇ।

