Posted inਬਰਨਾਲਾ ਸੜਕ ਦਾ ਟੈਂਡਰ ਰੱਦ ਕਰਨ ’ਤੇ ਭੜਕੇ ਏਕਤਾ ਕਲੋਨੀ ਵਾਸੀ, ਕੀਤੀ ਨਾਅਰੇਬਾਜ਼ੀ Posted by overwhelmpharma@yahoo.co.in Jun 15, 2025 ਬਰਨਾਲਾ, 15 ਜੂਨ (ਤੁਸ਼ਾਰ ਸ਼ਰਮਾ) : ਸੂਬੇ ’ਚ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਬਦਲਾਅ ਸਿਰਫ਼ ਕਾਗਜ਼ਾਂ ਜਾਂ ਇਸ਼ਤਿਹਾਰਬਾਜ਼ੀਆਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਜ਼ਮੀਨੀ ਪੱਧਰ ’ਤੇ ਵਿਕਾਸ ਦੀ ਕੋਈ ਤਸਵੀਰ ਦੇਖਣ ਨੂੰ ਨਹੀਂ ਮਿਲ ਰਹੀ। ਅਜਿਹਾ ਹੀ ਸਥਾਨਕ ਸ਼ਹਿਰ ਦੇ ਖੁੱਡੀ ਰੋਡ ’ਤੇ ਦੇਖਣ ਨੂੰ ਮਿਲਿਆ, ਜਿੱਥੇ ਇਕ ਪਾਸੇ ਤਾਂ ਪਹਿਲਾਂ ਤੋਂ ਬਣੀਆਂ ਗਲੀਆਂ ਤੇ ਸੜਕਾਂ ਨੂੰ ਮੁੜ੍ਹ ਤੋਂ ਬਣਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਜਿੱਥੇ ਸੜਕ ਕਦੇ ਬਣੀ ਹੀ ਨਹੀਂ ਜਾਂ ਖ਼ਸਤਾਹਾਲ ਹੋ ਚੁੱਕੀ ਹੈ, ਉਸ ਵੱਲ ਕਿਸੇ ਵੀ ਅਧਿਕਾਰੀ, ਪ੍ਰਸ਼ਾਸਨ ਜਾਂ ਕੌਂਸਲਰ ਦਾ ਧਿਆਨ ਹੀ ਨਹੀਂ ਜਾ ਰਿਹਾ। ਇੱਥੇ ਹੀ ਬੱਸ ਨਹੀਂ, ਜੇਕਰ ਲੋਕਾਂ ਵਲੋਂ ਇਸ ਸਬੰਧੀ ਕਿਸੇ ਅਧਿਕਾਰੀ ਜਾਂ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਰਾਬਤਾ ਕੀਤਾ ਜਾਂਦਾ ਹੈ ਤਾਂ ਸਿਵਾਏ ਭਰੋਸਿਆਂ ਤੋਂ ਕੁਝ ਵੀ ਮਿਲਦਾ ਨਜ਼ਰੀ ਨਹੀਂ ਆਉਂਦਾ। ਤਾਜ਼ਾ ਮਾਮਲਾ ਬਰਨਾਲਾ ਦੇ ਖੁੱਡੀ ਰੋਡ ’ਤੇ ਸਥਿਤ ਏਕਤਾ ਕਲੋਨੀ ਦਾ ਹੈ, ਜਿੱਥੋਂ ਦੇ ਬਸ਼ਿੰਦਿਆਂ ਨੇ ਕਲੋਨੀ ਦੇ ਮੁੱਖ ਐਂਟਰੀ ਰਸਤੇ ਨੂੰ ਜਾਂਦੀ ਖ਼ਸਤਾਹਾਲ ਸੜਕ ਦੇ ਟੈਂਡਰ ਰੱਦ ਕਰਨ ਸਬੰਧੀ ਨਗਰ ਕੌਂਸਲ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਐਤਵਾਰ ਨੂੰ ਜੰਮਕੇ ਨਾਅਰੇਬਾਜੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਬਾਰਾ ਸਿੰਘ, ਭੀਮ ਸਿੰਘ, ਸੁਖਜਿੰਦਰ ਸਿੰਘ, ਅਸ਼ੋਕ ਕੁਮਾਰ, ਪੰਕਜ ਜਿੰਦਲ, ਕਮਲ, ਰਮਜ਼ਾਨ ਖ਼ਾਨ, ਰਾਮ ਕੁਮਾਰ, ਤੁਸ਼ਾਰ ਸ਼ਰਮਾ ਰਵੀ, ਅਵਤਾਰ ਸਿੰਘ, ਕਮਲਜੀਤ ਸਿੰਘ, ਕਮਲਦੀਪ ਸਿੰਘ, ਗੁਰਮੀਤ ਸਿੰਘ ਗੀਤੂ, ਗੁਰਵਿੰਦਰ ਸਿੰਘ ਮੌੜ, ਗੁਰਜਿੰਦਰ ਸਿੰਘ ਆਦਿ ਨੇ ਕਿਹਾ ਕਿ ਕਲੋਨੀ ਦੀਆਂ ਸੜਕਾਂ ਖ਼ਸਤਾਹਾਲ ਹੋ ਚੁੱਕੀਆਂ ਹਨ ਤੇ ਥਾਂ-ਥਾਂ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਜਿਸ ਕਾਰਨ ਕਲੋਨੀ ’ਚ ਵੱਡੀ ਗਿਣਤੀ ’ਚ ਰਹਿ ਰਹੇ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਸਥਿਤੀ ਬਦ ਤੋਂ ਬਦਤਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਗੇ ਬਰਸਾਤਾਂ ਦਾ ਸੀਜ਼ਨ ਆ ਰਿਹਾ ਹੈ, ਜਿਸ ਕਾਰਨ ਕਲੋਨੀ ’ਚ ਗੋਡੇ-ਗੋਡੇ ਪਾਣੀ ਭਰ ਜਾਂਦਾ ਹੈ ਤੇ ਲੋਕਾਂ ਦਾ ਆਉਣਾ-ਜਾਣਾ ਦੁੱਭਰ ਹੋ ਜਾਂਦਾ ਹੈ। ਪਰ ਇਸ ਸਮੱਸਿਆ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਆਗੂਆਂ ਦਾ ਉੱਕਾ ਹੀ ਧਿਆਨ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਰਾਬਤਾ ਕਰਕੇ ਇਸ ਸਮੱਸਿਆ ਵੱਲ ਧਿਆਨ ਦਵਾਇਆ ਗਿਆ ਹੈ, ਪਰ ਹਰ ਵਾਰ ਸਿਰਫ਼ ਭਰੋਸੇ ਦੇ ਕੇ ਮੋੜ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਪ੍ਰੈਲ ਮਹੀਨੇ ਵਿਚ ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ ਦੇ ਵਿਕਾਸ ਕੰਮਾਂ ਲਈ ਕਰੀਬ 30 ਕਰੋੜ ਰੁਪਏ ਦੇ 139 ਕੰਮਾਂ ਦੇ ਟੈਂਡਰ ਲਗਾਏ ਗਏ ਸਨ, ਜਿੰਨ੍ਹਾਂ ਵਿੱਚ 98 ਨੰਬਰ ’ਤੇ ਏਕਤਾ ਕਲੋਨੀ ਵਿੱਚ ਇੰਟਰਲਾਕ ਟਾਈਲਾਂ ਅਤੇ ਸੜਕ ਦੇ ਨਿਰਮਾਣ ਲਈ 26.93 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ, ਪਰ ਲੰਘੀ 22 ਮਈ ਨੂੰ ਨਗਰ ਕੌਂਸਲ ਬਰਨਾਲਾ ਵਲੋਂ 139 ’ਚੋਂ 26 ਕੰਮਾਂ ਨੂੰ ਪ੍ਰਬੰਧਕੀ ਤੇ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ, ਜਿੰਨ੍ਹਾਂ ਵਿੱਚ ਏਕਤਾ ਕਲੋਨੀ ਦੀਆਂ ਸੜਕਾਂ ਦਾ ਕੰਮ ਵੀ ਸੀ। ਜਿਸ ਦੇ ਰੋਸ ਵਜੋਂ ਐਤਵਾਰ ਨੂੰ ਕਲੋਨੀ ਵਾਸੀਆਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਲ ਤੁਰੰਤ ਧਿਆਨ ਦੇ ਕੇ ਜਲਦ ਹੀ ਕਲੋਨੀ ਦੀਆਂ ਸੜਕਾਂ ਦੀ ਉਸਾਰੀ ਕੀਤੀ ਜਾਵੇ। ਜਦੋਂ ਇਸ ਸਬੰਧੀ ਕਲੋਨੀ ਵਾਸੀਆਂ ਵਲੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੁਲਾਕਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਲੋਨੀ ਦੇ ਕੰਮ ਦੇ ਰੱਦ ਹੋਏ ਟੈਂਡਰ ਸਬੰਧੀ ਉਹ ਦੁਬਾਰਾ ਰਿਪੋਰਟ ਮੰਗਵਾਕੇ ਜਾਂਚ ਕਰਵਾਉਣਗੇ ਤੇ ਜੇਕਰ ਇਸ ਕੰਮ ਵਿੱਚ ਕੋਈ ਅੜਚਣ ਹੈ ਤਾਂ ਉਸ ਨੂੰ ਦੁਰ ਕਰ ਜਲਦ ਹੀ ਕੰਮ ਕਰਵਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਏਕਤਾ ਕਲੋਨੀ ਦੇ ਵਸਨੀਕ ਹਾਜ਼ਰ ਸਨ। Post navigation Previous Post ਬਰਨਾਲਾ ’ਚ ਖੇਤਰੀ ਟਰਾਂਸਪੋਰਟ ਅਫਸਰ ਨੇ ਕੀਤੀ ਵਾਹਨਾਂ ਦੀ ਚੈਕਿੰਗNext Postਬਰਨਾਲਾ ਬੱਸ ਸਟੈਂਡ ਪੁਲਿਸ ਚੌਂਕੀ ਨੇੜੇ ਦੁਕਾਨ ’ਚੋਂ ਲੱਖਾਂ ਦੀ ਨਕਦੀ ਤੇ ਸਾਮਾਨ ਚੋਰੀ