Skip to content

ਮਾਨਸਾ, 16 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਪਿੰਡ ਜੋਗਾ ਵਿਖੇ ਖੂਹ ਵਿੱਚ ਡਿੱਗੀ ਸਾਜ਼ੀਆ ਆਖਿਰਕਾਰ ਜ਼ਿੰਦਗੀ ਦੀ ਲੜਾਈ ਹਾਰ ਚੁੱਕੀ ਹੈ। ਐਨਡੀਆਰਐਫ ਦੀ ਟੀਮ ਵੱਲੋਂ ਸਜ਼ੀਆ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢ ਲਿਆ ਗਿਆ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਪਰਿਵਾਰ ਮੁਤਾਬਿਕ, ‘ਪਿੰਡ ਕਿਸ਼ਨਪੁਰਾ ਦੀ ਸਾਜ਼ੀਆ ਮਾਨਸਾ ਦੇ ਪਿੰਡ ਜੋਗਾ ਵਿਖੇ ਮਾਸੀ ਕੋਲ ਰਹਿਣ ਦੇ ਲਈ ਆਈ ਹੋਈ ਸੀ ਅਤੇ ਸਵੇਰੇ ਬੱਚਿਆਂ ਦੇ ਨਾਲ ਖੇਡਦੇ ਸਮੇਂ ਅਚਾਨਕ ਖੂਹ ਦੇ ਵਿੱਚ ਡਿੱਗ ਗਈ। ਪੀੜਤ ਪਰਿਵਾਰ ਦੇ ਮੈਂਬਰ ਗੁਰਲਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪੁਰਾਣੇ ਖੂਹ ਨੂੰ ਬੰਦ ਨਾ ਕੀਤੇ ਜਾਣ ਕਾਰਣ ਵਾਪਰਿਆ ਹੈ। ਇਸ ਹਾਦਸੇ ਲਈ ਸਿੱਧੇ ਤੌਰ ਉੱਤੇ ਸਥਾਨਕ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਜਦੋਂ ਵੀ ਨਗਰ ਪੰਚਾਇਤ ਜੋਗਾ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਹ ਆਪਣੇ ਇਲਾਕੇ ਦੇ ਕੌਂਸਲਰ ਨੂੰ ਇਸ ਖੂਹ ਨੂੰ ਬੰਦ ਕਰਨ ਦੀ ਮੰਗ ਕਰਦੇ ਹਨ ਪਰ ਉਨ੍ਹਾਂ ਦੇ ਗਰੀਬ ਹੋਣ ਕਾਰਨ ਕਦੇ ਵੀ ਇਸ ਮੰਗ ਦੇ ਵੱਲ ਗੌਰ ਨਹੀਂ ਕੀਤੀ ਗਈ। ਹੁਣ ਇਹ ਹਾਦਸਾ ਵਾਪਰ ਗਿਆ ਹੈ।

ਦੂਜੇ ਪਾਸੇ ਐਨਡੀਆਰਐਫ ਦੀ ਟੀਮ ਵੱਲੋਂ ਭਾਰੀ ਮਸ਼ੱਕਤ ਤੋਂ ਬਾਅਦ ਸਾਜ਼ੀਆਂ ਨੂੰ ਖੂਹ ਦੇ ਵਿੱਚੋਂ ਬਾਹਰ ਕੱਢਿਆ ਗਿਆ। ਜਿਸ ਦੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ। ਸਾਜ਼ੀਆ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਐਨਡੀਆਰਐਫ ਦੀ ਟੀਮ ਦੇ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਪਤਾ ਲੱਗਿਆ ਤਾਂ ਐਨਡੀਆਰਐਫ ਦੀ ਟੀਮ 11 ਵਜੇ ਦੇ ਕਰੀਬ ਇਸ ਥਾਂ ‘ਤੇ ਪਹੁੰਚ ਗਈ ਸੀ ਅਤੇ ਉਨ੍ਹਾਂ ਵੱਲੋਂ ਰੈਸਕਿਊ ਸ਼ੁਰੂ ਕੀਤਾ ਗਿਆ। ਪਹਿਲਾਂ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ 120 ਫੁੱਟ ਦੇ ਕਰੀਬ ਡੂੰਘੇ ਖੂਹ ਵਿੱਚ 20 ਫੁੱਟ ਪਾਣੀ ਅਤੇ ਥੱਲੇ ਗਾਰ ਹੋਣ ਦੇ ਕਾਰਨ ਲਾਸ਼ ਨੂੰ ਕੱਢਣ ਵਿੱਚ ਮੁਸ਼ਕਿਲ ਆਈ ਪਰ ਭਾਰੀ ਮਸ਼ੱਕਤ ਤੋਂ ਬਾਅਦ ਉਨ੍ਹਾਂ ਵੱਲੋਂ ਸਾਜ਼ੀਆਂ ਦੀ ਦੇਹ ਨੂੰ ਕੱਢ ਲਿਆ ਗਿਆ ਅਤੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਮਾਮਲੇ ਸਬੰਧੀ ਡੀਐਸਪੀ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ, ‘ਖੂਹ ਵਿੱਚ ਅਚਾਨਕ ਡਿੱਗੀ 19 ਸਾਲ ਦੀ ਕੁੜੀ ਸਾਜ਼ੀਆਂ ਦੀ ਮੌਤ ਹੋ ਚੁੱਕੀ ਹੈ। ਉਹ ਸਵੇਰੇ ਖੂਹ ਦੇ ਨਜ਼ਦੀਕ ਬੱਚਿਆਂ ਨਾਲ ਖੇਡਦੇ ਸਮੇਂ ਅਚਾਨਕ ਇਸ ਖੂਹ ਦੇ ਵਿੱਚ ਡਿੱਗ ਪਈ ਸੀ। ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
ਮਾਸੀ ਕੋਲ ਰਹਿਣ ਆਈ ਸੀ ਕੁੜੀ
ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੀ 21 ਸਾਲਾ ਲੜਕੀ ਸਾਜ਼ੀਆ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿੱਚ ਆਪਣੀ ਮਾਸੀ ਦੇ ਘਰ ਆਈ ਹੋਈ ਸੀ। ਅੱਜ (ਸੋਮਵਾਰ) ਨੂੰ ਸਵੇਰੇ ਅਚਾਨਕ ਬੱਚਿਆਂ ਦੇ ਨਾਲ ਖੇਡਦੇ ਹੋਏ ਇਹ ਲੜਕੀ ਘਰ ਦੇ ਨਜ਼ਦੀਕ ਖੁੱਲ੍ਹੇ ਪਏ ਇੱਕ ਪੁਰਾਣੇ ਖੂਹ ਵਿੱਚ ਅਚਾਨਕ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।
ਕੁੜੀ ਦੀ ਮਾਸੀ ਨੇ ਬਿਆਨ ਕੀਤੀ ਘਟਨਾ
ਲੜਕੀ ਦੀ ਮਾਸੀ ਅਜੂਬਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਾਜ਼ੀਆ ਪਿੰਡ ਜੋਗਾ ਵਿਖੇ ਆਈ ਸੀ ਅਤੇ ਉਹ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉਹ ਪਿੰਡ ਵਿੱਚ ਕੰਮ ਕਰਨ ਲਈ ਚਲੀ ਗਈ ਅਤੇ ਲੜਕੀ ਬੱਚਿਆਂ ਦੇ ਨਾਲ ਖੇਡ ਰਹੀ ਸੀ। ਅਚਾਨਕ ਖੇਡਦੇ ਸਮੇਂ ਘਰ ਦੇ ਨਜ਼ਦੀਕ ਪੁਰਾਣੇ ਇੱਕ ਖੂਹ ਵਿੱਚ ਡਿੱਗ ਪਈ ਹੈ। ਉਸ ਨੇ ਆਈਲੇਟਸ ਕੀਤੀ ਹੋਈ ਸੀ, ਬੈਂਡ ਵੀ ਘੱਟ ਆਏ ਸੀ ਜਿਸ ਕਰਕੇ ਥੋੜਾ ਪ੍ਰੇਸ਼ਾਨ ਵੀ ਸੀ, ਪਰ ਇਹ ਨਹੀ ਪਤਾ ਕਿ ਉਹ ਖੂਹ ਵਿੱਚ ਕਿਵੇਂ ਡਿੱਗੀ ਹੈ।
Scroll to Top