Skip to content

ਬਰਨਾਲਾ, 17 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਆਈ.ਪੀ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵਲੋਂ ਅਪਰਾਧਿਕ ਮਾਮਲਿਆ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ। ਜਿਸ ਦੇ ਚਲਦਿਆਂ ਬਰਨਾਲਾ ਪੁਲਿਸ ਨੇ ਵੱਖ-ਵੱਖ ਮੁਕੱਦਮਿਆਂ ’ਚ ਭਗੌੜਾ ਚੱਲ ਰਿਹਾ ਗੈਂਗਸਟਰ ਟਾਈਗਰ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਮਲ ਨੇ ਦੱਸਿਆ ਕਿ ਡਾਇਰੈਕਟਰ ਜਰਨਲ ਪੁਲਿਸ, ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ’ਚ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਅਸ਼ੋਕ ਕੁਮਾਰ, ਪੀਪੀਐਸ ਕਪਤਾਨ ਪੁਲਿਸ (ਇੰ.) ਬਰਨਾਲਾ, ਰਾਜਿੰਦਰਪਾਲ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ (ਇੰ.) ਬਰਨਾਲਾ ਦੀ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਬਰਨਾਲਾ ਦੀ ਟੀਮ ਵੱਲੋਂ ਇੱਕ ਪੁਰਾਣੇ ਕੇਸ ’ਚ ਖਤਰਨਾਕ ਭਗੌੜਾ ਗੈਂਗਸਟਰ ਪਰਵਿੰਦਰ ਸਿੰਘ ਉਰਫ ਟਾਈਗਰ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗੈਂਗਸਟਰ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ।
ਗੈਂਗਸਟਰ ਟਾਈਗਰ ਸਾਲ 2021 ਤੋਂ ਹੋਇਆ ਸੀ ਰੂਪੋਸ਼ : ਇੰਸਪੈਕਟਰ ਬਲਜੀਤ ਸਿੰਘ
ਇਸ ਸਬੰਧੀ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਉਰਫ ਟਾਈਗਰ ਇੱਕ ਖਤਰਨਾਕ ਗੈਂਗਸਟਰ ਹੈ। ਇਸ ਖਿਲਾਫ਼ ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਲੁੱਟਾਂ ਖੋਹਾਂ, ਇਰਾਦਾ ਕਤਲ, ਕਤਲ, ਲੜਾਈ ਝਗੜਾ ਆਦਿ ਦੇ 15 ਤੋਂ ਜ਼ਿਆਦਾ ਮੁਕੱਦਮੇ ਦਰਜ ਹਨ। ਉਕਤ ਗੈਂਗਸਟਰ ਸਾਲ 2021 ਤੋਂ ਰੂਪੋਸ਼ ਹੋ ਗਿਆ ਸੀ ਤੇ ਉਸਨੇ ਰਾਜਸਥਾਨ ਤੇ ਹਰਿਆਣਾ ਸਟੇਟਾਂ ’ਚ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
Scroll to Top