Skip to content

ਬਰਨਾਲਾ, 17 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ ਹਨ। ਪੀਣ ਲਈ ਟੂਟੀਆਂ ਵਿੱਚੋਂ ਗੰਦਾ ਪਾਣੀ ਆ ਰਿਹਾ ਹੈ। ਇਹ ਸਮੱਸਿਆ ਸ਼ਹਿਰ ਦੇ ਵਾਰਡ ਨੰਬਰ 11 ਦੇ ਅਹਾਤਾ ਨਰਾਇਣ ਸਿੰਘ ਮੁਹੱਲੇ ਦੀ ਹੈ। ਜਿੱਥੇ ਦੁਖੀ ਲੋਕਾਂ ਵਲੋਂ ਸਰਕਾਰ, ਪ੍ਰਸ਼ਾਸ਼ਨ ਅਤੇ ਵਾਰਡ ਦੇ ਕੌਂਸਲਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਅਤੇ ਪੀੜਤ ਲੋਕਾਂ ਨੇ ਕਿਹਾ ਕਿ ਟੂਟੀਆਂ ਵਿੱਚੋਂ ਕਈ ਦਿਨਾਂ ਤੋਂ ਗੰਦਾ ਪਾਣੀ ਆ ਰਿਹਾ ਹੈ। ਇਹ ਪਾਣੀ ਪੀਣਾ ਤਾਂ ਦੂਰ ਦੀ ਗੱਲ ਇਸ ਨਾਲ ਨਹਾ ਤੱਕ ਨਹੀਂ ਸਕਦੇ। ਇਸ ਸਮੱਸਿਆ ਸਬੰਧੀ ਕਈ ਦਫ਼ਾ ਵਾਰਡ ਦੇ ਕੌਸਲਰ ਅਤੇ ਪ੍ਰਸਾ਼ਸ਼ਨ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ, ਪਰ ਕਿਸੇ ਨੇ ਕੋਈ ਹੱਲ ਨਹੀਂ ਕੀਤਾ। ਜਿਸ ਕਰਕੇ ਹੁਣ ਦੁਖੀ ਹੋ ਕੇ ਉਹਨਾਂ ਵਲੋਂ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਹਰ ਘਰ ਵਿੱਚ ਇੱਕ ਦੋ ਮੈਂਬਰ ਬਿਮਾਰ ਪਏ ਹਨ, ਪਰ ਪ੍ਰਸ਼ਾਸ਼ਨ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਹੇ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਲੋਕਾਂ ਨੇ ਦੱਸਿਆ ਕਿ ਉਹ ਵਾਰਡ ਨੰਬਰ 11 ਦੇ ਅਹਾਤਾ ਨਰਾਇਣ ਸਿੰਘ ਦੇ ਨਿਵਾਸੀ ਹਨ। ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਘਰਾਂ ਵਿੱਚ ਪੀਣ ਵਾਲਾ ਪਾਣੀ ਬਹੁਤ ਹੀ ਜਿਆਦਾ ਗੰਦਾ ਆ ਰਿਹਾ ਹੈ। ਇਸ ਪਾਣੀ ਵਿੱਚੋਂ ਬਹੁਤ ਗੰਦਾ ਮੁਸ਼ਕ ਆਉਂਦਾ ਹੈ। ਇਸ ਪਾਣੀ ਨੂੰ ਪੀਣਾ ਤਾਂ ਦੂਰ ਦੀ ਗੱਲ ਕੋਈ ਵਿਅਕਤੀ ਇਸ ਨਾਲ ਨਹਾ ਤੱਕ ਨਹੀਂ ਸਕਦਾ।

ਉਹਨਾਂ ਦੱਸਿਆ ਕਿ ਇਸ ਵੱਡੀ ਸਮੱਸਿਆ ਦੇ ਕਾਰਨ ਉਹਨਾਂ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਵੀ ਵੱਡੀ ਦਿੱਕਤ ਖੜੀ ਹੋ ਗਈ ਹੈ। ਲੋਕਾਂ ਨੂੰ ਰੋਜ਼ਾਨਾ ਵਰਤੋਂ ਲਈ ਨਹਾਉਣ, ਕੱਪੜੇ ਧੋਣ, ਭਾਂਡੇ ਧੋਣ ਅਤੇ ਹੋਰ ਅਨੇਕਾਂ ਤਰਹਾਂ ਦੇ ਕੰਮਾਂ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ। ਉਨਾਂ ਵੱਲੋਂ ਕਈ ਦਫਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਵਾਰਡ ਦੇ ਐਮਸੀ ਨੂੰ ਜਾਣੂ ਕਰਵਾਇਆ ਗਿਆ, ਪ੍ਰੰਤੂ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਜਿਸਦੇ ਰੋਸ ਵਜੋਂ ਅੱਜ ਉਹਨਾਂ ਵੱਲੋਂ ਵਾਰਡ ਦੇ ਐਮਸੀ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਦੱਸਿਆ ਕਿ ਉਹਨਾਂ ਦੇ ਮੁਹੱਲੇ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਨੂੰ ਪਾਏ ਹੋਏ 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਹਨਾਂ ਵੱਲੋਂ ਕਈ ਵਾਰ ਇਹ ਪਾਈਪਾਂ ਬਦਲਣ ਦੀ ਮੰਗ ਕੀਤੀ ਗਈ, ਪ੍ਰੰਤੂ ਕੋਈ ਹੱਲ ਨਹੀਂ ਹੋਇਆ। ਉਹਨਾਂ ਦੱਸਿਆ ਕਿ ਇਸ ਗੰਦੇ ਪਾਣੀ ਦੀ ਸਮੱਸਿਆ ਕਾਰਨ ਹਰ ਘਰ ਵਿੱਚ ਕੋਈ ਨਾਲ ਕੋਈ ਮੈਂਬਰ ਬੀਮਾਰ ਪਿਆ ਹੈ। ਪਰ ਸਰਕਾਰ, ਪ੍ਰਸ਼ਾਸ਼ਨ ਜਾਂ ਵਾਰਡ ਦਾ ਕੌਂਸ਼ਲਰ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਮੁਹੱਲਾ ਨਿਵਾਸੀ ਇਸ ਏਰੀਏ ਨੂੰ ਛੱਡਣ ਲਈ ਮਜਬੂਰ ਹੋ ਸਕਦੇ ਹਨ।
ਇਸ ਸਬੰਧੀ ਏਡੀਸੀ ਮੈਡਮ ਅਨੂਪ੍ਰੀਤਾ ਜੌਹਲ ਨੇ ਕਿਹਾ ਕਿ ਬਰਨਾਲਾ ਸ਼ਹਿਰ ਦੇ ਕੁੱਲ 39 ਵਿੱਚੋਂ 31 ਟਿਊਬਵੈੱਲ ਚੱਲ ਰਹੇ ਹਨ, ਜਦਕਿ ਕੁੱਝ ਟਿਊਬਵੈੱਲਾਂ ਦੇ ਪਾਣੀ ਦਾ ਲੈਵਲ ਥੱਲੇ ਚਲਿਆ ਜਾਣ ਕਰਕੇ ਉਹ ਬੰਦ ਹੋ ਗਏ ਹਨ। ਜਿਹੜੇ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀੀ ਹੈ, ਉਥੇ ਨਗਰ ਕੌਂਸਲ ਵਲੋਂ ਪੀਣ ਵਾਲੇ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਫਿਰ ਵੀ ਜੇਕਰ ਕਿਸੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ ਤਾਂ ਉਹ ਆਪਣੇ ਵਾਰਡ ਦੇ ਕੌਂਸਲਰ ਨਾਲ ਸੰਪਰਕ ਕਰਨ ਤਾਂ ਕਿ ਉਹਨਾਂ ਦੇ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੇ ਟੈਂਕਰ ਭੇਜੇ ਜਾ ਸਕਣ ਅਤੇ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਏਡੀਸੀ ਬਰਨਾਲਾ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਦੀ ਪੀਣ ਵਾਲੇ ਦੀ ਸਮੱਸਿਆ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ।
Scroll to Top