Skip to content

– ਸੜਕ ‘ਤੇ ਡੂੰਘੇ ਖੱਡੇ, ਚਿੱਕੜ ਦਾ ਬੋਲਬਾਲਾ; ਨਗਰ ਕੌਂਸਲ ਦੀ ਕਾਰਗੁਜ਼ਾਰੀ ‘ਤੇ ਸਵਾਲ
ਬਰਨਾਲਾ, 17 ਜੂਨ (ਰਵਿੰਦਰ ਸ਼ਰਮਾ) : ਬਰਨਾਲਾ ਸ਼ਹਿਰ ਦਾ ਪ੍ਰਮੁੱਖ ਸਦਰ ਬਾਜ਼ਾਰ ਮੰਗਲਵਾਰ ਸਵੇਰੇ ਪਈ ਬਾਰਿਸ਼ ਤੋਂ ਬਾਅਦ ਜਲ-ਥਲ ਹੋ ਗਿਆ, ਜਿਸ ਕਾਰਨ ਸੜਕਾਂ ‘ਤੇ ਡੂੰਘੇ ਖੱਡੇ ਅਤੇ ਚਿੱਕੜ ਦਾ ਅਜਿਹਾ ਭਿਆਨਕ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਲੋਕਾਂ ਦਾ ਚੱਲਣਾ-ਫਿਰਨਾ ਵੀ ਮੁਹਾਲ ਹੋ ਗਿਆ। ਹੈਰਾਨੀ ਦੀ ਗੱਲ ਹੈ ਕਿ ਸੀਵਰੇਜ ਅਤੇ ਪਾਈਪਲਾਈਨ ਦਾ ਕੰਮ ਮਹੀਨਿਆਂ ਪਹਿਲਾਂ ਮੁਕੰਮਲ ਹੋ ਚੁੱਕਾ ਹੈ, ਪਰ ਨਗਰ ਕੌਂਸਲ ਵੱਲੋਂ ਸੜਕਾਂ ਦੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਬਾਜ਼ਾਰ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ। ਸਦਰ ਬਾਜ਼ਾਰ ਦੀ ਵਿਗੜੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਾਂਸਾਵਾਲਾ ਮੋਰਚਾ ਖੇਤਰ ਵਿੱਚ ਇੱਟਾਂ ਨਾਲ ਭਰੀ ਇੱਕ ਟ੍ਰਾਲੀ ਬਾਜ਼ਾਰ ਦੇ ਵਿਚਕਾਰ ਹੀ ਇੱਕ ਡੂੰਘੇ ਖੱਡੇ ਵਿੱਚ ਧੱਸ ਗਈ। ਇਸ ਘਟਨਾ ਨੇ ਨਾ ਸਿਰਫ ਟ੍ਰਾਲੀ ਮਾਲਕ ਨੂੰ ਭਾਰੀ ਨੁਕਸਾਨ ਪਹੁੰਚਾਇਆ, ਸਗੋਂ ਰਾਹਗੀਰਾਂ ਲਈ ਵੀ ਵੱਡੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ। ਲੋਕਾਂ ਨੂੰ ਆਪਣੇ ਦੋਪਹੀਆ ਅਤੇ ਚਾਰਪਹੀਆ ਵਾਹਨਾਂ ਨੂੰ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਸਦਰ ਬਾਜ਼ਾਰ ਦੇ ਦੁਕਾਨਦਾਰਾਂ ਵਿੱਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਵਰੇਜ ਅਤੇ ਪਾਈਪਲਾਈਨ ਦੇ ਕੰਮ ਲਈ ਸੜਕਾਂ ਦੀ ਖੁਦਾਈ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੱਧਵਾਟੇ ਛੱਡ ਦਿੱਤਾ ਗਿਆ, ਜਿਸ ਕਾਰਨ ਲਗਾਤਾਰ ਧੂੜ, ਚਿੱਕੜ ਅਤੇ ਹੁਣ ਬਾਰਿਸ਼ ਦੇ ਪਾਣੀ ਨਾਲ ਭਰੇ ਖੱਡਿਆਂ ਦੀਆਂ ਸਮੱਸਿਆਵਾਂ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਪਾਈਪਲਾਈਨ ਦਾ ਕੰਮ ਪੂਰਾ ਹੋ ਗਿਆ ਹੈ, ਤਾਂ ਫਿਰ ਸੜਕ ਨਿਰਮਾਣ ਵਿੱਚ ਇੰਨੀ ਦੇਰੀ ਅਤੇ ਲਾਪਰਵਾਹੀ ਕਿਉਂ ਵਰਤੀ ਜਾ ਰਹੀ ਹੈ? ਇਸ ਸਬੰਧੀ ਨਗਰ ਕੌਂਸਲ ਬਰਨਾਲਾ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਵਿਸ਼ਾਲਦੀਪ ਬਾਂਸਲ ਨੇ ਅਜੀਬੋ-ਗਰੀਬ ਸਫਾਈ ਦਿੰਦਿਆਂ ਕਿਹਾ ਕਿ “ਅਸੀਂ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਜੋ ਜੇਕਰ ਮਿੱਟੀ ਨੇ ਹੇਠਾਂ ਧੱਸਣਾ ਹੈ ਤਾਂ ਪਹਿਲਾਂ ਉਹ ਧੱਸ ਜਾਵੇ, ਤਾਂ ਜੋ ਸੜਕ ਨਿਰਮਾਣ ਕਾਰਜ ਪੱਕਾ ਹੋ ਸਕੇ। ਹੁਣ ਅਸੀਂ ਜਲਦੀ ਸੜਕ ਦਾ ਨਿਰਮਾਣ ਕਰਵਾਵਾਂਗੇ। ਹਾਲਾਂਕਿ, ਈ.ਓ. ਦੀ ਇਹ ਦਲੀਲ ਵਪਾਰੀਆਂ ਅਤੇ ਸਥਾਨਕ ਨਾਗਰਿਕਾਂ ਨੂੰ ਸੰਤੁਸ਼ਟ ਨਹੀਂ ਕਰ ਸਕੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਪਹਿਲਾਂ ਤੋਂ ਹੀ ਯੋਜਨਾ ਸੀ, ਤਾਂ ਇਲਾਕੇ ਵਿੱਚ ਅਸਥਾਈ ਚੇਤਾਵਨੀ ਬੋਰਡ ਕਿਉਂ ਨਹੀਂ ਲਗਾਏ ਗਏ ਤਾਂ ਜੋ ਲੋਕਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ?
Scroll to Top