Skip to content

ਬਰਨਾਲਾ, 17 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹੇ ਦੇ ਪਿੰਡ ਉਗੋਕੇ ਵਿਖੇ 25 ਸਾਲਾ ਨੌਜਵਾਨ ਨੇ ਸ਼ਮਸ਼ਾਨਘਾਟ ਵਿੱਚ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਸੀਰਾ ਵਜੋਂ ਹੋਈ ਹੈ, ਜੋ ਬੱਕਰੀਆਂ ਚਰਾਉਣ ਦਾ ਕੰਮ ਕਰਦਾ ਸੀ। ਨੌਜਵਾਨ ਜਗਸੀਰ ਸਿੰਘ ਨੇ ਬੱਕਰੀਆਂ ‘ਤੇ ਕਰਜ਼ਾ ਲੈ ਰੱਖਿਆ ਸੀ। ਨੌਜਵਾਨ ਜਗਸੀਰ ਸਿੰਘ ਕਰਜ਼ੇ ਅਤੇ ਘਰ ਦੀ ਗਰੀਬੀ ਤੋਂ ਪ੍ਰੇਸ਼ਾਨ ਸੀ, ਜਿਸ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ। ਇਸ ਮੌਕੇ ਪਿੰਡ ਵਾਸੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਜਗਸੀਰ ਸਿੰਘ ਪੁੱਤਰ ਗੁਰਦੀਪ ਸਿੰਘ ਸੀ, ਜੋ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਉਗੋਕੇ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਉਮਰ 25 ਸਾਲ ਸੀ। ਮ੍ਰਿਤਕ ਨੌਜਵਾਨ ਕੋਲ ਬੱਕਰੀਆਂ ਸਨ ਅਤੇ ਉਸ ਉੱਤੇ ਕੁਝ ਕਰਜ਼ਾ ਵੀ ਸੀ। ਉਹ ਆਪਣੇ ਕਰਜ਼ੇ ਤੋਂ ਪਰੇਸ਼ਾਨ ਸੀ ਅਤੇ ਇਸ ਪਰੇਸ਼ਾਨੀ ਕਾਰਨ ਉਸਨੇ ਅੱਜ ਖੁਦਕੁਸ਼ੀ ਕਰਨ ਦਾ ਕਦਮ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਿੱਚ ਦੋ ਭਰਾ ਅਤੇ ਉਸਦੀ ਮਾਂ ਹੈ, ਜਦੋਂ ਕਿ ਉਸਦਾ ਪਿਤਾ ਮਾਨਸਿਕ ਪਰੇਸ਼ਾਨੀ ਕਾਰਨ ਘਰ ਛੱਡ ਕੇ ਚਲਾ ਗਿਆ ਸੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਹਿਣਾ ਥਾਣੇ ਦੇ ਐਸਐਚਓ ਗੁਰਮੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 1 ਵਜੇ ਦੇ ਕਰੀਬ ਉਨ੍ਹਾਂ ਨੂੰ ਪਿੰਡ ਉਗੋਕੇ ਤੋਂ ਸੂਚਨਾ ਮਿਲੀ ਕਿ ਇੱਕ ਨੌਜਵਾਨ ਨੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਲਿਆਂਦਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਜਗਸੀਰ ਸਿੰਘ ਸੀਰਾ ਵਜੋਂ ਹੋਈ ਹੈ। ਇਹ ਨੌਜਵਾਨ ਪਰਿਵਾਰ ਦੀ ਗਰੀਬੀ ਕਾਰਨ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ ਹੈ। ਮ੍ਰਿਤਕ ਦੀ ਮਾਂ ਨੇ ਵੀ ਪਰਿਵਾਰ ਦੀ ਗਰੀਬੀ ਕਾਰਨ ਪਰੇਸ਼ਾਨ ਹੋਣ ਬਾਰੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ 194 ਬੀਐਨਐਸ ਤਹਿਤ ਕਾਰਵਾਈ ਕੀਤੀ ਹੈ।
Scroll to Top