Skip to content

ਬਠਿੰਡਾ, 20 ਜੂਨ (ਰਵਿੰਦਰ ਸ਼ਰਮਾ) : ਬੀਤੀ ਦੇਰ ਰਾਤ ਬਠਿੰਡਾ ਡੱਬਵਾਲੀ ਰੋਡ ‘ਤੇ ਸਥਿਤ ਇੱਕ ਨਿੱਜੀ ਹੋਟਲ ਵਿੱਚ ਦੋਸਤ ਦਾ ਜਨਮ ਦਿਨ ਮਨਾਉਣ ਗਏ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਵੱਲੋਂ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ‘ਤੇ 7 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਕਨਾਲ ਦੇ ਐਸਐਚਓ ਹਰਜੀਵਨ ਸਿੰਘ ਨੇ ਦੱਸਿਆ ਕਿ ਬਠਿੰਡਾ ਡੱਬਵਾਲੀ ਰੋਡ ‘ਤੇ ਸਥਿਤ ਗਣਪਤੀ ਕਲੋਨੀ ਵਿੱਚ ਬਣੇ ਗਣਪਤੀ ਗੈਸਟ ਹਾਊਸ ਵਿੱਚ ਚਾਰ ਨੌਜਵਾਨ ਜਨਮਦਿਨ ਦੀ ਪਾਰਟੀ ਕਰਨ ਲਈ ਗਏ ਸਨ ਅਤੇ ਉੱਥੇ ਇਕ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ। ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਐਸਐਚਓ ਹਰਜੀਵਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਹਰਵਿੰਦਰ ਸਿੰਘ ਵਾਸੀ ਉਧਮ ਸਿੰਘ ਨਗਰ ਹੋਈ ਹੈ। ਹਰਵਿੰਦਰ ਸਿੰਘ ਦੇ ਪਿਤਾ ਗੁਰਜੀਵਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਸੱਤ ਲੋਕਾਂ ਖਿਲਾਫ ਮਾਮਲਾ ਦਰਜ
ਥਾਣਾ ਕਨਾਲ ਦੇ ਐਸਐਚਓ ਹਰਜੀਵਨ ਸਿੰਘ ਨੇ ਦੱਸਿਆ ਕਿ ‘ਗੁਰਜੀਵਨ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਹਰਵਿੰਦਰ ਸਿੰਘ ਦੇ ਦੋਸਤਾਂ ਵੱਲੋਂ ਉਸ ਨੂੰ ਜਿਆਦਾ ਮਾਤਰਾ ਵਿੱਚ ਨਸ਼ਾ ਕਰਵਾਇਆ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਐਸਐਚਓ ਹਰਜੀਵਨ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰਵਿੰਦਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਅਸਲ ਤੱਥ ਸਾਹਮਣੇ ਆ ਸਕਣ।
Scroll to Top