ਬਰਨਾਲਾ, 21 ਜੂਨ (ਰਵਿੰਦਰ ਸ਼ਰਮਾ) : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ ਯੂਨੀਅਨ ਵੱਲੋਂ 10 ਜੂਨ ਤੋਂ ਅਣਮਿੱਥੇ ਸਮੇਂ ਲਈ ਕੀਤੀ ਲਗਾਤਾਰ ਹੜਤਾਲ ਅਤੇ 21 ਜੂਨ ਤੋਂ ਸੀਵਰੇਜ਼ ਦੀਆਂ ਮੋਟਰਾਂ ਬੰਦ ਕਰਨ ਦੇ ਕੀਤੇ ਐਲਾਨ ਦੇ ਦਬਾਅ ਹੇਠ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਵੱਲੋਂ ਦਿੱਤੀ 20 ਜੂਨ ਦੀ ਮੀਟਿੰਗ ਲੱਗਭੱਗ ਇੱਕ ਘੰਟਾ ਚੱਲਣ ਦੇ ਬਾਵਜੂਦ ਵੀ ਬੇਸਿੱਟਾ ਰਹੀ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਨੇ ਕੱਚੇ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਮਹਿਕਮੇ ਵਿਚ ਮਰਜ਼ ਕਰਕੇ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ 1948 ਐਕਟ ਦੇ ਤਹਿਤ ਸਾਡੀ ਤਨਖਾਹ ਗੁਜ਼ਾਰੇ ਜੋਗੀ ਕੀਤੀ ਜਾਵੇ । ਤੀਸਰੀ ਮੰਗ ਜੋ ਕੱਚੇ ਮੁਲਾਜ਼ਮ ਰਿਟਾਇਰਮੈਂਟ ਦੀ ਤਦਾਰ ਤੇ ਹਨ ਉਨ੍ਹਾਂ ਦੀ ਨੌਕਰੀ ਦੀ ਉਮਰ 65 ਸਾਲ ਕੀਤੀ ਜਾਵੇ ਜੀ ਤਾਂ ਇਸ ਦਾ ਜਵਾਬ ਦਿੰਦਿਆਂ ਮੁੱਖ ਕਾਰਜਕਾਰੀ ਅਫ਼ਸਰ ਨੇ ਕਿਹਾ ਕਿ ਇਹ ਤੁਹਾਡੀਆਂ ਮੰਗਾਂ ਜਾਇਜ਼ ਹਨ 25 ਜੂਨ ਤੱਕ ਪੰਜਾਬ ਸਰਕਾਰ ਇਲੈਕਸ਼ਨ ਦੇ ਵਿੱਚ ਰੁੱਝੀ ਹੋਈ ਹੈ। ਉਸ ਤੋਂ ਬਾਅਦ ਤੁਹਾਡੀ ਮੀਟਿੰਗ ਸਬ ਕਮੇਟੀ ਦੇ ਨਾਲ ਕਰਵਾ ਰਹੇ ਹਾਂ ਅਤੇ ਹੁਣ ਤੁਸੀਂ ਇੱਕ ਵਾਰ ਹੜਤਾਲ ਨੂੰ ਖ਼ਤਮ ਕਰਕੇ ਆਪਣੇ ਆਪਣੇ ਕੰਮਾਂ ’ਤੇ ਆਓ। ਪਰ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਾਨੂੰ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਦਾ ਕੋਈ ਲਿਖਤੀ ਰੂਪ ਦਿੱਤਾ ਜਾਵੇ ਤਾਂ ਕਿ ਅਸੀਂ ਕੱਲ ਦਾ ਮੋਟਰਾਂ ਬੰਦ ਕਰਨ ਦਾ ਐਕਸ਼ਨ ਡਿਲੇਅ ਕਰਦੇ ਹਾਂ ਤਾਂ ਮੰਗਾਂ ਸਬੰਧੀ ਲਿਖ਼ਤੀ ਰੂਪ ਦੇਣ ਤੋਂ ਵੀ ਮੁੱਖ ਕਾਰਜਕਾਰੀ ਅਫ਼ਸਰ ਨੇ ਇਨਕਾਰ ਕੀਤਾ। ਆਖਿਰ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਪੰਜਾਬ ਭਰ ਦੇ ਸੀਵਰੇਜ਼ ਕਾਮੇ 25 ਤਰੀਕ ਤੱਕ ਸੀਵਰੇਜ਼ ਦੀਆਂ ਮੋਟਰਾਂ ਬੰਦ ਕਰਨ ਦੇ ਸੰਘਰਸ਼ ਨੂੰ ਪੋਸਟਪੋਨ ਕਰਕੇ ਆਪਣੀਆਂ ਆਪਣੀਆਂ ਬ੍ਰਾਂਚਾਂ ਦੇ ਵਿੱਚ ਉਸੇ ਤਰ੍ਹਾਂ ਧਰਨੇ ’ਤੇ ਬੈਠਣਗੇ। ਆਗੂਆਂ ਨੇ ਕਿਹਾ ਕਿ 25 ਜੂਨ ਤੱਕ ਅਣਮਿੱਥੇ ਸਮੇਂ ਦੀ ਲਗਾਤਾਰ ਹੜਤਾਲ ਤੋਂ ਬਾਅਦ ਜੇਕਰ ਮੁੱਖ ਕਾਰਜਕਾਰੀ ਅਫ਼ਸਰ ਦੇ ਜ਼ੁਬਾਨੀ ਕਹਿਣ ਮੁਤਾਬਕ ਸਰਕਾਰ ਸਬ ਕਮੇਟੀ ਨਾਲ ਮੀਟਿੰਗ ਕਰਵਾ ਕੇ ਉਪਰੋਕਤ ਮੰਗਾਂ ਦਾ ਮੁਕੰਮਲ ਤੌਰ ਤੇ ਹੱਲ ਨਹੀਂ ਕਰਵਾਇਆ ਜਾਂਦਾ ਤਾਂ ਜਥੇਬੰਦੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਸਮੇਂ ਤਰ੍ਹਾਂ ਦਾ ਤਿਖਾ ਸੰਘਰਸ਼ ਵਿੱਢਿਆ ਜਾ ਸਕਦਾ ਹੈ। ਜਿਸ ਵਿੱਚ ਸਮੂਹ ਵਰਕਰਾਂ ਦੇ ਬੱਚੇ ਅਤੇ ਪਰਿਵਾਰ ਸ਼ਾਮਿਲ ਹੋਣਗੇ। ਜੇਕਰ ਇਸ ਸੰਘਰਸ਼ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ, ਮੀਤ ਪ੍ਰਧਾਨ ਅਮਿਤ ਕੁਮਾਰ ਸਮਾਣਾ, ਜਨਰਲ ਸਕੱਤਰ ਜਗਵੀਰ ਸਿੰਘ, ਸਹਾਇਕ ਸਕੱਤਰ ਮਿਲਖਾ ਸਿੰਘ ਬਰਨਾਲਾ, ਪ੍ਰੈਸ ਸਕੱਤਰ ਨਰਿੰਦਰ ਕੁਮਾਰ ਸ਼ਰਮਾ, ਬੀਰ ਸਿੰਘ ਬਰੇਟਾ, ਵਿਨੋਦ ਕੁਮਾਰ ਬਰਨਾਲਾ, ਸੁਖਜੀਵਨ ਸਿੰਘ ਸਰਦੂਲਗੜ੍ਹ, ਗੋਗੀ ਭੀਖੀ, ਗੁਰਜੰਟ ਸਿੰਘ ਉਗਰਾਹਾਂ, ਜਗਤਾਰ ਸਿੰਘ ਬਠਿੰਡਾ, ਅਵਤਾਰ ਸਿੰਘ, ਸੰਦੀਪ ਸਿੰਘ, ਲਖਵਿੰਦਰ ਸਿੰਘ,ਨਰੇਸ਼ ਕੁਮਾਰ ਰਾਜਪੁਰਾ, ਰੂਪ ਸਿੰਘ, ਅਮਰੀਕ ਸਿੰਘ ਬਰਨਾਲਾ, ਅਜੇ ਕੁਮਾਰ ਦੀਨਾਨਗਰ ਆਦਿ ਆਗੂ ਹਾਜਰ ਸਨ।

Posted inਬਰਨਾਲਾ