ਬਰਨਾਲਾ, 21 ਜੂਨ (ਰਵਿੰਦਰ ਸ਼ਰਮਾ) : ਲੰਘੀ ਰਾਤ ਪਏ ਮੀਂਹ ਕਾਰਨ ਜ਼ਿਲ੍ਹਾ ਬਰਨਾਲਾ ਦੀ ਸਬ ਤਹਿਸੀਲ ਭਦੌੜ ਦੇ ਮੇਨ ਗੇਟ ਅੱਗੇ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ। ਜਿਸ ਕਾਰਨ ਸਬ ਤਹਿਸੀਲ ਭਦੌੜ ਵਿਖੇ ਆਏ ਲੋਕਾਂ ਨੂੰ ਮੀਂਹ ਦੇ ਪਾਣੀ ’ਚੋਂ ਲੰਘਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਦਾ ਇਹ ਵੱਡਾ ਕਮਾਊ ਪੁੱਤ ਹੈ, ਜੋ ਸਰਕਾਰ ਨੂੰ ਕਰੋੜਾਂ ਰੁਪਏ ਦਾ ਰੈਵਨਿਊ ਇਕੱਠਾ ਕਰਕੇ ਦਿੰਦਾ ਹੈ, ਪਰ ਉਸ ਦਾ ਸਬ ਤਹਿਸੀਲ ਦਫ਼ਤਰ ਹਾਲੋਂ ਬੇਹਾਲ ਹੈ ਤੇ ਲੋਕਾਂ ਨੂੰ ਚਿੱਕੜ ’ਚੋਂ ਲੰਘਣਾ ਪੈਂਦਾ ਹੈ। ਸਬ ਤਹਿਸੀਲ ਭਦੌੜ ਵਿਖੇ ਕੰਮ ਕਰਵਾਉਣ ਆਏ ਕ੍ਰਾਂਤੀ ਯੂਥ ਕਲੱਬ ਭਦੌੜ ਦੇ ਪ੍ਰਧਾਨ ਅਮਰਜੀਤ ਸਿੰਘ ਮੀਕਾ, ਹਰਦੀਪ ਕੁਮਾਰ ਦੀਪਾ, ਭੂਸ਼ਨ ਕੁਮਾਰ, ਸੁਖਵੀਰ ਸਿੰਘ ਨੇ ਕਿਹਾ ਕਿ ਸਬ ਤਹਿਸੀਲ ਭਦੌੜ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਰੈਵਨਿਊ ਇਕੱਠਾ ਹੁੰਦਾ ਹੈ, ਐਨਾ ਰੈਵਨਿਊ ਇਕੱਠਾ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇੱਥੇ ਸਹੂਲਤਾਂ ਦੇਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦਾ ਵਾਅਦਾ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਜਦੋਂ ਕਿ ਸਬ ਤਹਿਸੀਲ ਭਦੌੜ ਵਿਖੇ ਆਪਣਾ ਕੰਮਕਾਰ ਕਰਵਾਉਣ ਲਈ ਆਏ ਲੋਕਾਂ ਨੂੰ ਮੇਨ ਗੇਟ ਤੇ ਖੜ੍ਹੇ ਗੰਦੇ ਪਾਣੀ ਦੇ ’ਚੋਂ ਦੀ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬ ਤਹਿਸੀਲ ’ਚ ਖੜ੍ਹੇ ਰਹਿੰਦੇ ਪਾਣੀ ਦਾ ਸਥਾਈ ਹੱਲ ਕੀਤਾ ਜਾਵੇ।

Posted inUncategorized