ਬਠਿੰਡਾ, 26 ਜੂਨ (ਰਵਿੰਦਰ ਸ਼ਰਮਾ) : ਪਿੰਡ ਸੇਲਬਰਾਹ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਲੱਗੀ ਹੈੱਡ ਟੀਚਰ ਨੂੰ ਸੀਐੱਮ ਹਾਊਸ ’ਚੋਂ ਫੋਨ ਦਾ ਕਹਿ ਕੇ ਹਜ਼ਾਰਾਂ ਰੁਪਏ ਦੀ ਅਨੋਖੇ ਢੰਗ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਖ ਅਧਿਆਪਕ ਰਮਨਪ੍ਰੀਤ ਕੌਰ ਨੇ ਦੱਸਿਆ ਕਿ 23 ਜੂਨ ਨੂੰ ਉਨ੍ਹਾਂ ਦੇ ਫੋਨ ’ਤੇ ਕਾਲ ਆਈ ਜੋ ਆਪਣੇ ਆਪ ਨੂੰ ਸੀਐੱਮ ਹਾਊਸ ’ਚੋਂ ਬੋਲ ਰਿਹਾ ਕਹਿ ਰਿਹਾ ਸੀ। ਉਸ ਨੇ ਕਿਹਾ ਕਿ ਤੁਹਾਡੇ ਸਕੂਲ ਨੂੰ 50 ਹਜ਼ਾਰ ਕੰਪੋਜੈਟ ਗ੍ਰਾਂਟ ਆਈ ਹੈ, ਜਿਸ ਨੂੰ ਉਨ੍ਹਾਂ ਅੱਧੀ ਸਕੂਲ ਵਿਚ ਵਰਤ ਲਈ ਤੇ ਅੱਧੀ ਦਾ ਗਬਨ ਕਰ ਲਿਆ, ਜਿਸ ਕਾਰਨ ਉਨ੍ਹਾਂ ਦੀ ਇੰਨਕੁਆਰੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਕਤ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਜੇਕਰ ਤੁਸੀ ਸਰਵਿਸ ’ਚ ਰਹਿ ਕੇ ਇਨਕੁਆਰੀ ਕਰਵਾਉਣਾ ਚਾਹੁੰਦੇ ਹੋ ਤਾਂ ਗਰਾਂਟ ਦਾ 50 ਫੀਸਦੀ ਖਾਤਾ ਨੰ. 44021720000003994 ਵਿਚ ਜਮ੍ਹਾ ਕਰਵਾ ਦਿਉ। ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਰੁਪਏ ਟਰਾਂਸਫਰ ਨਾ ਕੀਤੇ ਤਾ ਡੀਡੀਓ ਦਫਤਰ ਪਾਸੋ ਆਪਣਾ ਸਸਪੈਸ਼ਨ ਆਰਡਰ ਲੈ ਲਓ। ਰਮਨਪ੍ਰੀਤ ਨੇ ਡਰ ਦੇ ਮਾਰੇ ਆਪਣੇ ਲੜਕੇ ਦੇ ਬੈਂਕ ਖ਼ਾਤੇ ’ਚੋਂ ਫੋਨ ਕਰਨ ਵਾਲੇ ਵਿਅਕਤੀ ਨੂੰ ਦੋ ਵਾਰ 25–25 ਹਜ਼ਾਰ ਰੁਪਏ ਗੂਗਲ ਪੇਅ ਕਰਵਾ ਦਿੱਤੇ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਉਨ੍ਹਾਂ ਨੂੰ ਫਿਰ ਫੋਨ ਕਰਕੇ 10 ਹਜ਼ਾਰ ਤੇ 40 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਰਮਨਪ੍ਰੀਤ ਕੌਰ ਨੂੰ ਪਤਾ ਲੱਗਿਆ ਕਿ ਕੋਈ ਉਸ ਨਾਲ ਧੋਖਾਧੜੀ ਕਰ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਉਸ ਦੇ ਖ਼ਾਤੇ ’ਚ ਕੋਈ ਪੈਸਾ ਨਹੀਂ ਪਾਇਆ। ਇਸ ਤੋਂ ਬਾਅਦ ਫੋਨ ਬੰਦ ਹੋ ਗਿਆ। ਉਨ੍ਹਾਂ ਦੱਸਿਆ 24 ਜੂਨ ਤੋਂ ਫਿਰ ਉਸ ਨੂੰ ਫੋਨ ਕਾਲ ਆ ਰਹੇ ਹਨ, ਜੋ ਉਹ ਅਟੈਂਡ ਨਹੀਂ ਕਰ ਰਹੀ। ਉਨ੍ਹਾਂ ਆਪਣੇ ਨਾਲ ਹੋਈ ਇਸ ਧੋਖਾਧੜੀ ਦੀ ਸਾਈਬਰ ਕਰਾਇਮ ’ਚ ਦਰਖਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਸਾਈਬਰ ਕਰਾਈਮ ਥਾਣਾ ਇੰਸਪੈਕਟਰ ਸੁਖਵੀਰ ਕੌਰ ਨੇ ਮੁੱਦਈ ਦੇ ਬਿਆਨਾਂ ’ਤੇ ਫੋਨ ਕਰਨ ਵਾਲੇ ਨਾਮੂਲਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Posted inਬਰਨਾਲਾ
