ਗੁਰਦਾਸਪੁਰ, 27 ਜੂਨ (ਰਵਿੰਦਰ ਸ਼ਰਮਾ) : ਇੱਕ ਪਾਸੇ ਪੰਜਾਬ ਸਰਕਾਰ ਤੇ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਲੱਖਾਂ ਦਾਅਵੇ ਕਰਦੇ ਹਨ, ਤਾਂ ਦੂਜੇ ਪਾਸੇ ਆਏ ਦਿਨ ਹੋ ਰਹੇ ਕਤਲ ਵਰਗੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਕਾਦੀਆਂ ਰੋਡ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸਕਾਰਪੀਓ ਗੱਡੀ ਵਿੱਚ ਸਵਾਰ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭੀਖੋਵਾਲ ਥਾਣਾ ਘੁੰਮਣ ਕਲਾਂ ਅਤੇ ਉਸ ਦੀ ਰਿਸ਼ਤੇਦਾਰ ਹਰਜੀਤ ਕੌਰ ਵਾਸੀ ਭਗਵਾਨਪੁਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜੋ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੱਸੀ ਜਾ ਰਹੀ ਹੈ।
ਸੀਸੀਟੀਵੀ ‘ਚ ਕੈਦ ਕਤਲ ਦੀ ਘਟਨਾ
ਇਸ ਵਾਰਦਾਤ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ, ਜਿਸ ‘ਚ ਦੋ ਬਾਈਕ ਸਵਾਰ ਆਉਂਦੇ ਹਨ ਤੇ ਖੜੀ ਗੱਡੀ ‘ਚ ਸਵਾਰ ਕਰਨਵੀਰ ਸਿੰਘ ਤੇ ਹਰਜੀਤ ਕੌਰ ਨੂੰ ਗੋਲੀਆਂ ਮਾਰ ਦਿੰਦੇ ਹਨ। ਇਸ ਸਬੰਧੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਕਾਰ ਵਿੱਚ ਮੌਜੂਦ ਔਰਤ ਹਰਜੀਤ ਕੌਰ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਉਥੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ।
ਪੁਲਿਸ ਵੱਲੋਂ ਜਾਂਚ ਕੀਤੀ ਗਈ ਸ਼ੁਰੂ
ਉਧਰ ਬਟਾਲਾ ਦੇ ਡੀਐਸਪੀ ਸਿਟੀ ਪਰਮਵੀਰ ਸਿੰਘ ਨੇ ਕਿਹਾ ਕਿ, ਉਨ੍ਹਾਂ ਨੂੰ ਫਾਇਰਿੰਗ ਹੋਣ ਦੀ ਘਟਨਾ ਦੀ ਜਾਣਕਾਰੀ ਮਿਲੀ ਸੀ ਅਤੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ, ਇੱਕ ਹੋਰ ਔਰਤ ਗੰਭੀਰ ਜ਼ਖਮੀ ਸੀ ਜਿਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ ਪਰ ਉਸ ਦੀ ਵੀ ਉੱਥੇ ਹੀ ਮੌਤ ਹੋ ਗਈ। ਪੁਲਿਸ ਦੇ ਡੀਐਸਪੀ ਨੇ ਪੁਸ਼ਟੀ ਨਹੀਂ ਕੀਤੀ ਕਿ ਮ੍ਰਿਤਕ ਮਹਿਲਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਹਾਲਾਂਕਿ ਇਹ ਜ਼ਰੂਰ ਕਿਹਾ ਕਿ ਮ੍ਰਿਤਕ ਕਰਨਵੀਰ ਦੀ ਉਕਤ ਮਹਿਲਾ ਮਾਮੀ ਲੱਗਦੀ ਸੀ।

ਬੰਬੀਹਾ ਗੈਂਗ ਨੇ ਲਈ ਕਤਲ ਦੀ ਜ਼ਿੰਮੇਵਾਰੀ ਲਈ
ਗੈਂਗਸਟਰ ਡੋਨੀ ਬਲ, ਬਿੱਲਾ ਮੰਗਾ, ਪ੍ਰਭ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਕਰਨਵੀਰ ਗੈਂਗਸਟਰ ਜੱਗੂ ਦਾ ਸਾਰਾ ਕੰਮ ਸੰਭਾਲਦਾ ਸੀ ਅਤੇ ਭਗੌੜੇ ਸਾਥੀਆਂ ਅਤੇ ਹਥਿਆਰਾਂ ਨੂੰ ਸੰਭਾਲਦਾ ਸੀ। ਉਸ ਨੂੰ ਮਾਰ ਕੇ, ਅਸੀਂ ਆਪਣੇ ਭਰਾ ਗੋਰੇ ਬਰਿਆਰ ਦਾ ਬਦਲਾ ਲਿਆ ਹੈ। ਹਾਲਾਂਕਿ ਉਹ ਜਾਣਦਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ-ਦੇਣ ਨਹੀਂ ਸੀ, ਪਰ ਅੱਜ ਅਸੀਂ ਜਾਇਜ਼ ਭਰਾਵਾਂ ਨੂੰ ਮਾਰ ਦਿੱਤਾ ਹੈ। ਜੇਕਰ ਭਵਿੱਖ ਵਿੱਚ ਸਾਡਾ ਕੋਈ ਭਰਾ ਮਰ ਜਾਂਦਾ ਹੈ, ਤਾਂ ਦੁੱਖ ਝੱਲਣ ਲਈ ਤਿਆਰ ਰਹੋ ਅਤੇ ਸਾਡੇ ਵਿਰੁੱਧ ਬੋਲਣ ਵਾਲਿਆਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ।’
ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ‘ਤੇ ਕਾਰਵਾਈ
ਦੂਜੇ ਪਾਸੇ, ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਨੌਜਵਾਨ ਸਿਵਲ ਹਸਪਤਾਲ ਲਿਆਂਦਾ ਗਿਆ ਸੀ, ਜਿਸ ਨੂੰ ਗੋਲੀ ਲੱਗੀ ਸੀ, ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਸ ਦੇ ਨਾਲ ਇੱਕ ਔਰਤ ਵੀ ਸਰਕਾਰੀ ਹਸਪਤਾਲ ਲਿਆਂਦੀ ਗਈ ਸੀ ਜੋ ਗੰਭੀਰ ਜ਼ਖਮੀ ਸੀ, ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਪਿਤਾ ਪੁਲਿਸ ਵਿੱਚ ਏਐਸਆਈ ਹੈ ਅਤੇ ਮ੍ਰਿਤਕ ਹਰਜੀਤ ਕੌਰ ਉਸਦੀ ਰਿਸ਼ਤੇਦਾਰ ਹੈ ਅਤੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ‘ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।