ਪੁਲਿਸ ਨੇ ਸਾਥੀ ਸਣੇ ਲੱਖਾ ਲਿਆ ਹਿਰਾਸਤ ‘ਚ
ਬਰਨਾਲਾ, 29 ਜੂਨ (ਰਵਿੰਦਰ ਸ਼ਰਮਾ) : ਬਠਿੰਡਾ-ਸੰਗਰੂਰ ਮੁੱਖ ਮਾਰਗ `ਤੇ ਬੀਤੀ ਦੇਰ ਰਾਤ ਲੱਖਾ ਸਿਧਾਣਾ ਅਤੇ ਪੁਲਿਸ ਮੁਲਾਜਮਾਂ ਵਿਚਕਾਰ ਤਕਰਾਰ ਹੋਣ ਤੋਂ ਬਾਅਦ ਉਸਨੂੰ ਹਿਰਾਸਤ ਵਿਚ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ। ਆਪਣੇ ਸਾਥੀਆਂ ਨਾਲ ਪਿੰਡ ਵੱਲ ਵਾਪਸ ਆ ਰਹੇ ਲੱਖਾ ਸਿਧਾਣਾ ਵੱਲੋਂ ਇਸ ਸਬੰਧ ਵਿਚ ਇੱਕ ਵੀਡੀਓ ਵੀ ਸੋਸਲ ਮੀਡੀਆ `ਤੇ ਅੱਪਲੋਡ ਕੀਤੀ ਗਈ ਹੈ, ਜਿਸਦੇ ਵਿਚ ਉਸਦੇ ਵੱਲੋਂ ਕਾਰ ਸਵਾਰ ਦੋ ਪੁਲਿਸ ਮੁਲਾਜਮਾਂ ਉਪਰ ਕਥਿਤ ਤੌਰ ‘ਤੇ ਆਪਣੀ ਗੱਡੀ `ਚ ਟੱਕਰ ਮਾਰਨ ਤੇ ਗਾਲਾਂ ਕੱਢਣ ਦੇ ਦੋਸ਼ ਲਗਾਏ ਸਨ।
ਇਸ ਸਾਰੇ ਵਿਵਾਦ ਦੌਰਾਨ ਲੱਖਾ ਸਿਧਾਣਾ ਤੇ ਉਸਦੇ ਸਾਥੀਆਂ ਵੱਲੋਂ ਕਾਰ ਸਵਾਰਾਂ ਦਾ ਪਿੱਛਾ ਕੀਤਾ ਗਿਆ, ਜੋਕਿ ਹੰਡਿਆਇਆ ਪੁਲਿਸ ਚੌਕੀ ਵਿਚ ਦਾਖਲ ਹੋ ਗਏ ਸਨ ਤੇ ਉਸਤੋਂ ਬਾਅਦ ਲੱਖੇ ਹੋਰੀਂ ਵੀ ਪਿੱਛੇ ਚਲੇ ਗਏ। ਵੀਡੀਓ ਵਿਚ ਲੱਖੇ ਨੇ ਦਾਅਵਾ ਕੀਤਾ ਸੀ ਕਿ ਇਹ ਮਾਮਲਾ ਉਨ੍ਹਾਂ ਐਸਐਸਪੀ ਸਹਿਤ ਹੋਰਨਾਂ ਪੁਲਿਸ ਅਧਿਕਾਰੀਆਂ ਦੇ ਵੀ ਧਿਆਨ ਵਿਚ ਲਿਆਂਦਾ ਹੈ। ਉਧਰ, ਪੁਲਿਸ ਮੁਲਾਜਮਾਂ ਨੇ ਲੱਖਾ ਤੇ ਉਸਦੇ ਸਾਥੀ ਉਪਰ ਦੁਰਵਿਵਹਾਰ ਦਾ ਦੋਸ਼ ਲਗਾਇਆ, ਜਿਸਤੋਂ ਬਾਅਦ ਉਸਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਦਰ ਬਰਨਾਲਾ ਵਿਚ ਬੰਦ ਕਰ ਦਿੱਤਾ।
ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਵੀਡਿਓ ਜਾਰੀ ਕਰਦਿਆਂ ਦੱਸਿਆ ਕਿ ਲੱਖਾ ਸਿਧਾਣਾ ਉਸਦੇ ਅਤੇ ਉਸਦੇ ਸਾਥੀ ਅਰਸ਼ਦੀਪ ਉਪਰ 7/51 ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਅੱਜ ਉਨ੍ਹਾਂ ਨੂੰ ਐਸਡੀਐਮ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਲੱਖਾ ਸਿਧਾਣਾ ਵੱਲੋਂ ਲਗਾਏ ਦੋਸ਼ਾਂ ਤਹਿਤ ਪੁਲਿਸ ਮੁਲਾਜ਼ਮਾਂ ਦਾ ਮੈਡੀਕਲ ਵੀ ਕਰਵਾਇਆ ਗਿਆ ਤੇ ਜਿਸ ਤੋਂ ਸਪੱਸ਼ਟ ਹੋਇਆ ਹੈ ਕਿ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਕੋਈ ਨਸ਼ਾ ਵਗੈਰਾ ਨਹੀ ਕੀਤਾ ਹੋਇਆ ਸੀ।
ਜਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਲੱਖਾ ਸਿਧਾਣਾ ਨੂੰ ਦੋ ਸਰਕਾਰੀ ਗੰਨਮੈਂਨ ਵੀ ਮਿਲੇ ਹੋਏ ਹਨ।
