– ਪ੍ਰਸ਼ਾਸਨ ਹੇਠਲੇ ਪੱਧਰ ’ਤੇ ਹੀ ਦਲਿਤ ਪਰਿਵਾਰਾਂ ਨੂੰ ਦਵਾਏ ਇਨਸਾਫ਼ : ਗੜ੍ਹੀ
ਬਰਨਾਲਾ, 29 ਜੂਨ (ਰਵਿੰਦਰ ਸ਼ਰਮਾ) : ਦਲਿਤ ਪਰਿਵਾਰ ਨਾਲ ਸਬੰਧਿਤ ਇਕ ਸ਼ਿਕਾਇਤ ਦੇ ਮਾਮਲੇ ’ਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਐਤਵਾਰ ਸਵੇਰੇ ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਮੰਡੀ ਵਿਖੇ ਪੁੱਜੇ। ਜ਼ਿਕਰਯੋਗ ਹੈ ਕਿ ਪ੍ਰੀਤਮ ਸਿੰਘ ਵਾਸੀ ਤਪਾ ਵਲੋਂ ਐੱਸ.ਸੀ. ਕਮਿਸ਼ਨ ਕੋਲ ਸ਼ਿਕਾਇਤ ’ਚ ਦੱਸਿਆ ਗਿਆ ਕਿ ਕੁਝ ਲੋਕਾਂ ਨੇ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਗਾਲੀ ਗਲੋਚ ਕੀਤਾ, ਗੈਰ ਕਾਨੂੰਨੀ ਕਲੋਨੀ ਕੱਟ ਕੇ ਉਹਨਾਂ ਦੀ ਗਲੀ ਦੇ ਰਸਤੇ ਨਾਲ ਛੇੜਖਾਨੀ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਨੇ ਮੌਕਾ ਦੇਖਿਆ ਅਤੇ ਦੋਵਾਂ ਧਿਰਾਂ ਦੀ ਗੱਲਬਾਤ ਵੀ ਸੁਣੀ। ਉਪਰੰਤ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਕਰਤਾ ਸਮੇਤ ਦੋਵੇਂ ਧਿਰਾਂ ਨੂੰ ਬਿਠਾ ਕੇ 72 ਘੰਟਿਆਂ ਵਿਚ ਇਸ ਮਸਲੇ ਦੇ ਹੱਲ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਨਾਲ ਹੀ ਕਿਹਾ ਇਸ ਮਾਮਲੇ ‘ਚ ਜੋ ਵੀ ਦੋਸ਼ੀ ਪਾਇਆ ਜਾਵੇ ਉਸ ਵਿਰੁੱਧ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਉਨ੍ਹਾਂ ਪ੍ਰਸ਼ਾਸਨ ਦੇ ਸੰਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਛੜੇ ਵਰਗ ਦੇ ਲੋਕਾਂ ਨੂੰ ਹੇਠਲੇ ਪੱਧਰ ’ਤੇ ਹੀ ਇਨਸਾਫ ਮੁਹੱਈਆ ਕਰਵਾਉਣ, ਨਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਕਮਿਸ਼ਨ ਦਫ਼ਤਰ ਪਹੁੰਚਣਾ ਪਵੇ। ਉਨ੍ਹਾਂ ਨਾਲ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਰੁਪਿੰਦਰ ਸਿੰਘ ਸੀਤਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਐਸ.ਪੀ ਰਾਜੇਸ਼ ਛਿੱਬਰ, ਡੀ.ਐਸ.ਪੀ ਗੁਰਬਿੰਦਰ ਸਿੰਘ ਤਪਾ, ਨਾਇਬ ਤਹਿਸੀਲਦਾਰ ਓਂਕਾਰ ਸਿੰਘ ਤਪਾ, ਡੀ.ਪੀ.ਆਰ.ਓ ਮੈਡਮ ਮੇਘਾ ਮਾਨ, ਜਿਲ੍ਹਾ ਭਲਾਈ ਅਫਸਰ ਗੁਰਿੰਦਰਜੀਤ ਸਿੰਘ, ਥਾਣਾ ਮੁਖੀ ਗੁਰਵਿੰਦਰ ਸਿੰਘ ਭਦੌੜ, ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਪਟਵਾਰੀ ਯਸ਼ਦੀਪ ਸਿੰਘ ਸਣੇ ਵੱਡੀ ਗਿਣਤੀ ’ਚ ਅਧਿਕਾਰੀ ਤੇ ਲੋਕ ਹਾਜ਼ਰ ਸਨ।
