– 5 ਸਾਲ ਲਈ ਪਾਰਟੀ ‘ਚੋਂ ਕੱਢਿਆ ਬਾਹਰ
ਚੰਡੀਗੜ੍ਹ/ਅੰਮ੍ਰਿਤਸਰ, 29 ਜੂਨ (ਰਵਿੰਦਰ ਸ਼ਰਮਾ) : ਆਮ ਆਦਮੀ ਪਾਰਟੀ ਵੱਲੋਂ ਆਪਣੇ ਹੀ ਵਿਧਾਇਕ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਪਾਰਟੀ ‘ਚੋਂ 5 ਸਾਲ ਲਈ ਮੁਅੱਤਲ ਕਰਦੇ ਹੋਏ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। ਇਹ ਐਕਸ਼ਨ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ਼ ਕੀਤਾ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪਾਰਟੀ ਦੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਇਲਜ਼ਾਮਾਂ ਹੇਠ ਇਹ ਨਤੀਜਾ ਭੁਗਤਨਾ ਪਿਆ ਹੈ। ਇਸ ਨੂੰ ਲੈਕੇ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ।
ਬਿਕਰਮ ਮਜੀਠੀਆ ਖਿਲਾਫ ਵਿਜੀਲੈਂਸ ਕਾਰਵਾਈ ‘ਤੇ ਸਵਾਲ ਚੁੱਕਣ ’ਤੇ ਕੁੰਵਰ ਵਿਜੇ ਪ੍ਰਤਾਪ ਨੂੰ ਪਿਆ ਭਾਰੀ
ਦੱਸਣਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਅਕਸਰ ਹੀ ਪੰਜਾਬ ਦੇ ਭਖਦੇ ਮੁੱਦਿਆਂ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਆਏ ਹਨ। ਇਸ ਦੌਰਾਨ ਉਹ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਤਹਿਤ ਉਹ ਪਹਿਲਾਂ ਵੀ ‘ਆਪ’ ਖਿਲਾਫ ਅਵਾਜ਼ ਚੁੱਕਦੇ ਆਏ ਹਨ। ਅਜਿਹਾ ਹੀ ਕੁਝ ਦਿਨ ਪਹਿਲ਼ਾਂ ਵੀ ਹੋਇਆ, ਜਦ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਖਿਲਾਫ ਵਿਜੀਲੈਂਸ ਕਾਰਵਾਈ ‘ਤੇ ਸਵਾਲ ਚੁੱਕੇ ਸਨ।
ਬਿਕਰਮ ਮਜੀਠੀਆ ਦੇ ਘਰ ਹੋਈ ਵਿਜੀਲੈਂਸ ਦੀ ਰੇਡ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਸੀ ਕਿ ‘ਜਦੋਂ ਬਿਕਰਮ ਮਜੀਠੀਆ ਜੇਲ੍ਹ ਵਿੱਚ ਸੀ ਤਾਂ ਮਾਨ ਸਾਬ੍ਹ ਦੀ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ ਅਤੇ ਜ਼ਮਾਨਤ ਕਰਵਾ ਦਿੱਤੀ। ਬਰਗਾੜੀ ਬੇਅਦਬੀ ਦੇ ਇਨਸਾਫ਼ ਵੇਲੇ ਵੀ ਦੋਸ਼ੀ ਪਰਿਵਾਰ ਦੇ ਨਾਲ ਸਰਕਾਰ ਨੇ ਸਮਝੌਤਾ ਕਰ ਲਿਆ। ਮਜੀਠੀਆ ਦੇ ਨਾਲ ਮੇਰਾ ਵਿਚਾਰਕ ਮੱਤਭੇਦ ਹੈ ਅਤੇ ਰਹੇਗਾ, ਪਰ ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ, ਚਾਹੇ ਉਹ ਨੇਤਾ ਹੋਵੇ ਅਭਿਨੇਤਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ ਅਤੇ ਦੋਸਤ ਹੋਵੇ ਜਾਂ ਦੁਸ਼ਮਣ। ਉਸ ਸਮੇਂ ਸਰਕਾਰ ਨਹੀਂ ਕੋਈ ਰਿਮਾਂਡ ਨਹੀਂ ਲਿਆ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਤੜਕੇ ਕਿਸੇ ਦੇ ਘਰ ਰੇਡ ਕਰਨਾ ਨੀਤੀ ਦੇ ਵਿਰੁੱਧ ਹੈ।’ ਇਸ ਪੋਸਟ ਤੋਂ ਬਾਅਦ ਜਿੱਥੇ ‘ਆਪ’ ਵਿਧਾਇਕ ਨੇ ਆਪਣੀ ਪਾਰਟੀ ਉੱਤੇ ਸਵਾਲ ਖੜ੍ਹੇ ਕੀਤੇ ਤਾਂ ਠੀਕ ਚਾਰ ਦਿਨ ਬਾਅਦ ਪਾਰਟੀ ਵੱਲੋਂ ਉਨ੍ਹਾਂ ਉੱਤੇ ਵੀ ਕਾਰਵਾਈ ਕਰ ਦਿੱਤੀ ਗਈ ਹੈ।
