ਖੰਨਾ, 29 ਜੂਨ (ਰਵਿੰਦਰ ਸ਼ਰਮਾ) : ਜਟਾਣਾ ਪਿੰਡ ’ਚ ਪੁੱਤਰ ਨੇ ਨੂੰਹ ਨਾਲ ਮਿਲ ਕੇ ਜਾਇਦਾਦ ਦੇ ਲਾਲਚ ’ਚ ਕੁਹਾੜੀ ਨਾਲ ਵੱਢ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਦੋਵਾਂ ਨੇ ਪਹਿਲਾਂ ਪਿਤਾ ਨੂੰ ਰਾਤ ਨੂੰ ਨੀਂਦ ਦੀਆਂ ਗੋਲੀਆਂ ਖੁਆ ਦਿੱਤੀਆਂ ਫਿਰ ਸਿਰ ’ਤੇ ਡੰਡੇ ਨਾਲ ਵਾਰ ਕਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਬਾਅਦ ’ਚ ਚਿਹਰੇ ਤੇ ਗਰਦਨ ’ਤੇ ਕੁਹਾੜੀ ਨਾਲ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ। ਦੋਵਾਂ ਨੇ ਇਸ ਨੂੰ ਹਾਦਸਾ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਪਿਤਾ ਨੂੰ ਕੋਈ ਜ਼ਖ਼ਮੀ ਕਰ ਗਿਆ ਹੈ। ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਸਸਕਾਰ ਲਈ ਸ਼ਮਸ਼ਾਨਘਾਟ ਪਹੁੰਚੇ ਪਰ ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਪੁੱਤਰ ਤੇ ਨੂੰਹ ਨੂੰ ਹਿਰਾਸਤ ’ਚ ਲੈ ਲਿਆ ਗਿਆ ਜਿਸ ਤੋਂ ਬਾਅਦ ਕਤਲ ਦਾ ਖੁਲਾਸਾ ਹੋਇਆ। ਪੁਲਿਸ ਨੇ ਜੁਗਰਾਜ ਸਿੰਘ ਤੇ ਉਸ ਦੀ ਪਤਨੀ ਰੇਨੂ ਰਾਣੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਭਰਾ ਭਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਭਰਾ ਨੂੰ ਜਾਇਦਾਦ ਦੇ ਲਾਲਚ ਵਿੱਚ ਉਸ ਦੇ ਪੁੱਤਰ ਤੇ ਨੂੰਹ ਨੇ ਕੁਹਾੜੀ ਨਾਲ ਵੱਢ ਕੇ ਮਾਰ ਦਿੱਤਾ। ਉਸ ਦਾ ਭਰਾ ਬਲਵੀਰ ਸਿੰਘ ਆਪਣੇ ਪੁੱਤਰ ਜੁਗਰਾਜ ਸਿੰਘ ਤੇ ਨੂੰਹ ਰੇਨੂੰ ਰਾਣੀ ਨਾਲ ਰਹਿੰਦਾ ਸੀ। ਸਾਲ 2023 ’ਚ ਰੇਨੂੰ ਰਾਣੀ ਗੁੱਸੇ ਹੋ ਕੇ ਪੇਕੇ ਪਿੰਡ ਮਾਜਰੀ ਚਲੀ ਗਈ ਸੀ। ਉਸ ਦੀ ਮੰਗ ਸੀ ਕਿ ਉਸ ਦਾ ਸਹੁਰਾ ਬਲਵੀਰ ਸਿੰਘ ਆਪਣਾ ਰਿਹਾਇਸ਼ੀ ਮਕਾਨ ਉਸ ਦੇ ਨਾਂ ਕਰਵਾ ਦੇਵੇ। ਉਸ ਦਾ ਭਤੀਜਾ ਜੁਗਰਾਜ ਸਿੰਘ ਨਸ਼ਾ ਕਰਨ ਦਾ ਆਦੀ ਹੈ ਤੇ ਜੋ ਕੋਈ ਕੰਮ ਨਹੀਂ ਕਰਦਾ। ਬਲਵੀਰ ਸਿੰਘ ਸ਼ਟਰਿੰਗ ਦਾ ਕੰਮ ਕਰਦਾ ਸੀ ਜਿਸ ਕੋਲ ਗੱਡੀ ਟਾਟਾ 407 ਸੀ, ਜਿਸ ਨੂੰ ਜੁਗਰਾਜ ਸਿੰਘ ਨੇ ਵੇਚ ਦਿੱਤਾ ਸੀ ਤੇ ਸ਼ਟਰਿੰਗ ਦਾ ਸਾਮਾਨ ਵੀ ਵੇਚਦਾ ਰਹਿੰਦਾ ਸੀ।
ਭਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਬਲਵੀਰ ਸਿੰਘ ਨੂੰ ਡਰ ਸੀ ਕਿ ਉਸ ਦਾ ਲੜਕਾ ਕੋਈ ਕੰਮ-ਕਾਰ ਨਹੀਂ ਕਰਦਾ ਜਿਸ ਕਰਕੇ ਉਸ ਨੇ ਮਕਾਨ ਨੂੰਹ ਦੇ ਨਾਂ ਨਹੀਂ ਕਰਵਾਇਆ ਸੀ। 25 ਜੂਨ ਨੂੰ ਉਸ ਦਾ ਭਰਾ ਪਿੰਡ ਦੇ ਗੇਟ ਵਾਲੇ ਚੌਂਤਰੇ ’ਤੇ ਮਿਲਿਆ ਸੀ ਜਿਸ ਨੇ ਕਿਹਾ ਸੀ ਕਿ ਉਸ ਦਾ ਪੁੱਤਰ ਤੇ ਨੂੰਹ ਉਸ ਨੂੰ ਪਰੇਸ਼ਾਨ ਕਰਦੇ ਹਨ ਤੇ ਮਕਾਨ ਨੂੰਹ ਦੇ ਨਾਂ ਨਾ ਕਰਵਾਉਣ ’ਤੇ ਉਸ ਨੂੰ ਮਾਰ ਦੇਣਗੇ। ਉਸ ਨੇ ਦੱਸਿਆ ਕਿ ਜਾਇਦਾਦ ਖਾਤਰ ਦੋਵਾਂ ਨੇ ਸੁੱਤੇ ਪਏ ਬਲਵੀਰ ਸਿੰਘ ’ਤੇ ਕੁਹਾੜੀ ਨਾਲ ਵਾਰ ਕਰਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।
ਡੀਐੱਸਪੀ ਕਰਮਵੀਰ ਤੂਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Posted inਲੁਧਿਆਣਾ