ਬਰਨਾਲਾ, 30 ਜੂਨ (ਰਵਿੰਦਰ ਸ਼ਰਮਾ) : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐੱਸ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਵਲੋਂ ਜਾਅਲੀ ਕਾਗਜ਼ਾਤ ਤਿਆਰ ਕਰਕੇ ਗੱਡੀਆਂ ਵੇਚਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਐਸ.ਪੀ. (ਡੀ) ਅਸ਼ੋਕ ਸ਼ਰਮਾ ਤੇ ਡੀਐੱਸਪੀ (ਇੰਨ.) ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਲੰਘੀ 17 ਜੂਨ ਨੂੰ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਉਮੇਸ਼ ਕੁਮਾਰ ਪੁੱਤਰ ਜੱਬਰ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਅਤੇ ਜਸਨਪ੍ਰੀਤ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਗੁਰਸੇਵਕ ਨਗਰ ਵਾਸੀ ਧਨੌਲਾ ਰੋਡ ਬਰਨਾਲਾ ਆਪਣੇ ਹੋਰ ਸਾਥੀਆਂ ਪ੍ਰਵੀਨ, ਸਨੀ, ਸੰਦੀਪ ਨਾਲ ਮਿਲਕੇ ਪੰਜਾਬ ਜਾਂ ਬਾਹਰਲੀਆਂ ਸਟੇਟਾਂ ’ਚੋਂ ਕਾਰਾਂ/ਗੱਡੀਆਂ ਚੋਰੀ ਕਰਕੇ ਅਤੇ ਕਰਵਾਕੇ ਜਾਂ ਫੁੱਲ ਫਾਇਨਾਸ ਹੋਈਆਂ ਗੱਡੀਆਂ ਜਿੰਨ੍ਹਾ ਦੀਆਂ ਕਿਸ਼ਤਾਂ ਨਾ ਭਰੀਆਂ ਹੋਣ ਜਾਂ ਐਕਸੀਡੈਂਟ ਵਿੱਚ ਪੂਰੀ ਤਰ੍ਹਾਂ ਖਤਮ ਹੋਈਆਂ ਗੱਡੀਆਂ, ਉਹਨਾਂ ਦੇ ਇੰਜਣ ਨੰਬਰ, ਚਾਸੀ ਨੰਬਰ ’ਤੇ ਟੈਂਪਰਿੰਗ ਕਰਕੇ ਅਤੇ ਜਾਅਲੀ ਫਰਜੀ ਐਨ.ਓ.ਸੀ. ਤਿਆਰ ਕਰਕੇ ਗੱਡੀਆਂ ਦੇ ਬਿੱਲਾਂ ਵਿੱਚ ਚਾਸੀ ਨੰਬਰ, ਇੰਜਣ ਨੰਬਰ ਦੇ ਅੱਖਰਾਂ ਨੂੰ ਬਦਲ ਕੇ ਅਤੇ ਹੋਰ ਕਾਗਜਾਤਾ ਨਾਲ ਛੇੜਛਾੜ ਕਰਕੇ, ਰਜਿਸਟ੍ਰੇਸ਼ਨ ਅਥਾਰਟੀ ਦੇ ਏਜੰਟਾਂ ਜਾਂ ਕਲਰਕਾਂ ਨਾਲ ਮਿਲਕੇ, ਗੱਡੀਆਂ ਦੀਆਂ ਗਲਤ ਤਾਰੀਕੇ ਨਾਲ ਜਾਅਲੀ ਆਰ.ਸੀਆ ਤਿਆਰ ਕਰਵਾ, ਨਵੇਂ ਰਜਿਸਟ੍ਰੇਸਨ ਨੰਬਰ ਵੀ ਆਪਣੇ ਜਾਅਲੀ ਫਰਜੀ ਤਿਆਰ ਕੀਤੇ ਐਡਰੈਸ ’ਤੇ ਲਗਾ ਕੇ ਅੱਗੇ ਭੋਲੇ ਭਾਲੇ ਲੋਕਾਂ ਨੂੰ ਮੋਟੀਆਂ ਰਕਮਾਂ ਵਿਚ ਵੇਚ ਕੇ ਠੱਗੀਆਂ ਮਾਰਦੇ ਹਨ। ਇਸ ਤੋਂ ਇਲਾਵਾ ਇਹ ਗਰੋਹ ਗੱਡੀਆਂ ਦੀਆਂ ਜਾਅਲੀ ਐੱਨ.ਓ.ਸੀਆਂ. ਤਿਆਰ ਕਰਕੇ ਅਤੇ ਜਾਅਲੀ ਟੈਕਸ ਦੀਆਂ ਰਸੀਦਾਂ ਲਗਾ ਕੇ ਸਰਕਾਰ ਦੇ ਖਜਾਨੇ ਨੂੰ ਮੋਟਾ ਚੂਨਾ ਲਾ ਕੇ ਧੋਖਾਦੇਹੀ ਕਰਦੇ ਹਨ, ਗੱਡੀਆ ਦੀਆਂ ਜਾਅਲੀ ਫਰਜੀ ਕਾਗਜਾਤ ਲਗਾਕੇ ਨਵੀ ਆਰ.ਸੀਆਂ ਤਿਆਰ ਕਰਕੇ ਉਹਨਾਂ ’ਤੇ ਬੈਂਕਾਂ ਤੋਂ ਲੋਨ ਕਰਵਾਉਦੇ ਹਨ, ਜਿਸਤੇ ਇਤਲਾਹ ਦੇ ਆਧਾਰ ’ਤੇ ਉਮੇਸ਼ ਕੁਮਾਰ, ਜਸਨਪ੍ਰੀਤ ਸਿੰਘ ਅਤੇ ਇਹਨਾਂ ਦੇ ਹੋਰ ਸਾਥੀਆਂ ਦੇ ਖਿਲਾਫ ਮੁਕੱਦਮਾ ਨੰਬਰ 78 ਮਿਤੀ 17-06-2025 ਅ/ਧ 303 (2), 318 (4), 336 (3), 337, 338, 340 (2), 61 (2) ਬੀ.ਐੱਨ.ਐੱਸ. ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ।

ਲੰਘੀ 17 ਜੂਨ ਨੂੰ ਦੌਰਾਨੇ ਚੈਕਿੰਗ ਬਾਹੱਦ ਧਨੌਲਾ ਤੋਂ ਸ:ਥ: ਨਾਇਬ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਲਜ਼ਮ ਉਮੇਸ਼ ਕੁਮਾਰ ਅਤੇ ਜਸਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਨਾ ਦੇ ਕਬਜਾ ਵਿੱਚੋ ਇੱਕ ਜੈੱਨ ਕਾਰ ਰੰਗ ਚਿੱਟਾ ਨੰਬਰੀ ਪੀ.ਬੀ.-19-ਡੀ-3144 ਅਤੇ ਕਾਰ ਵਿੱਚੋ 03 ਆਧਾਰ ਕਾਰਡਾਂ ਦੀਆਂ ਕਲਰ ਫੋਟੋ ਕਾਪੀਆਂ ਤੇ ਇੱਕ ਫੋਟੋ ਵਿੱਚ 3 ਨਾਮਾਲੂਮ ਵਿਅਕਤੀ ਗੱਡੀ ਨੰਬਰੀ ਪੀ.ਬੀ.-27-ਜੇ-4924 ਨਾਲ ਖੜੇ ਹਨ, ਤਿੰਨੇ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆ ’ਤੇ ਅਧਾਰ ਕਾਰਡ ਨੰਬਰ ਅਤੇ ਨਾਮ ਵੱਖ ਵੱਖ ਹਨ ਪਰ ਫੋਟੋ ਇੱਕੋ ਹੀ ਵਿਅਕਤੀ ਦੀ ਹੈ, ਬ੍ਰਾਮਦ ਕਰਵਾਕੇ ਗ੍ਰਿਫਤਾਰ ਕੀਤਾ ਗਿਆ। ਹੋਰ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਨੇ ਦੱਸਿਆ ਕਿ ਦੌਰਾਨੇ ਪੁਲਿਸ ਰਿਮਾਂਡ ਮੁਲਜ਼ਮ ਉਮੇਸ਼ ਕੁਮਾਰ ਦੀ ਨਿਸ਼ਾਨਦੇਹੀ ’ਤੇ ਗਰਚਾ ਰੋਡ ਬਰਨਾਲਾ ਤੋ ਇੱਕ ਥਾਰ ਨੰਬਰ PB-93-0106 ਗੱਡੀ ਬ੍ਰਾਮਦ ਕਰਵਾਈ ਕੀਤੀ ਗਈ। 19 ਜੂਨ ਨੂੰ ਕੇਸ ’ਚ ਲੋੜੀਦੀ ਕਰੇਟਾ ਕਾਰ ਨੰਬਰ ਪੀ.ਬੀ.-27-ਜੇ-4718 ਕੌਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਭਦੌੜ ਨੇ ਪੇਸ਼ ਕੀਤੀ। ਮੁਲਜ਼ਮ ਉਮੇਸ਼ ਕੁਮਾਰ ਦੀ ਸ਼ਨਾਖਤ ’ਤੇ ਖਰੜ ਤੋਂ ਪ੍ਰਵੀਨ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਮਕਾਨ ਨੰਬਰ 4, ਨਿਊ ਹਰੀ ਐਵੀਨਿਊ ਰੰਧਾਵਾ ਰੋਡ ਖਰੜ ਅਤੇ ਸਨੀ ਬਾਂਸਲ ਪੁੱਤਰ ਸੁਰੇਸ਼ ਕੁਮਾਰ ਬਾਂਸਲ ਵਾਸੀ ਗਿੱਲ ਰੋਡ ਮੋਗਾ ਹਾਲ ਆਬਾਦ ਖਰੜ ਨੂੰ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਤਫਤੀਸ22 ਜੂਨ ਨੂੰ ਕਰੇਟਾ ਕਾਰ ਨੰਬਰ PB-93-0214 ਅਤੇ ਵਰਨਾ ਗੱਡੀ ਨੰਬਰ PB-93-0367 ਅਤੇ 23 ਜੂਨ ਨੂੰ ਫਾਰਚੂਨਰ ਗੱਡੀ ਨੰਬਰ PB-93-0305 ਨੂੰ ਕਬਜ਼ਾ ਪੁਲਿਸ ਵਿੱਚ ਲਿਆ ਗਿਆ। 24 ਜੂਨ ਨੂੰ ਕਪਿਲ ਚੁੱਘ ਪੁੱਤਰ ਰਾਧੇ ਸਿਆਮ ਵਾਸੀ ਮੰਡੀ ਡੱਬਵਾਲੀ, ਸਿਰਸਾ(ਹਰਿ) ਨੂੰ ਗ੍ਰਿਫਤਾਰ ਕੀਤਾ ਗਿਆ। 25 ਜੂਨ ਨੂੰ ਸੰਦੀਪ ਕੁਮਾਰ ਉਰਫ ਸਨੀ ਪੁੱਤਰ ਅਰਜੁਨ ਪੰਡਤ ਵਾਸੀ ਮਕਾਨ ਨੰਬਰ 1399 ਕ੍ਰਿਸ਼ਨਾ ਕਲੋਨੀ ਨੇੜੇ ਸਬਜੀ ਮੰਡੀ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ 29 ਜੂਨ ਨੂੰ ਇੱਕ ਕਰੇਟਾ ਰੰਗ ਕਾਲਾ ਨੰਬਰੀ PB-93-0329 ਬਰਾਮਦ ਕੀਤੀ ਗਈ। ਇਹਨਾਂ 08 ਗੱਡੀਆ ਦੀ ਕੀਮਤ ਕਰੀਬ 01 ਕਰੋੜ ਰੁਪਏ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।