ਚੰਡੀਗੜ੍ਹ, 30 ਜੂਨ (ਰਵਿੰਦਰ ਸ਼ਰਮਾ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ’ਚ ਬਦਲਾਅ ਕੀਤਾ ਗਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਕੂਲਾਂ ’ਚ ਦਿੱਤੇ ਜਾਣ ਵਾਲੇ ਹਫਤਾਵਾਰੀ ਭੋਜਨ ਮੀਨੂੰ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਇਹ ਮੀਨੂੰ 1 ਤੋਂ 31 ਜੁਲਾਈ ਤੱਕ ਜਾਰੀ ਕੀਤੇ ਗਏ ਹਨ। ਇਸ ਨਿਰਦੇਸ਼ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਸਾਰੇ ਸਕੂਲਾਂ ’ਚ ਵਿਦਿਆਰਥੀਆਂ ਨੂੰ ਕਤਾਰ ’ਚ ਬਿਠਾਉਣ ਤੋਂ ਬਾਅਦ ਹੀ ਮਿਡ-ਡੇਅ ਮੀਲ ਦਿੱਤਾ ਜਾਵੇਗਾ ਅਤੇ ਮਿਡ-ਡੇਅ ਮੀਲ ਇੰਚਾਰਜ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।

ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਕੂਲਾਂ ’ਚ ਮੀਨੂੰ ਅਨੁਸਾਰ ਭੋਜਨ ਪਕਾਉਣਾ ਪਵੇਗਾ, ਜਿਸ ਵੀ ਸਕੂਲ ’ਚ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਪਾਈ ਜਾਂਦੀ ਹੈ, ਉਥੇ ਸਬੰਧਤ ਸਕੂਲ ਮੁਖੀ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕਰ ਕੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਰਕਾਰੀ ਸਕੂਲ ਵਿੱਚ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਕਾਰਨ ਇਹ ਨਵਾਂ ਮੀਨੂੰ 1 ਜੁਲਾਈ ਨੂੰ ਸਕੂਲ ਖੁੱਲ੍ਹਦੇ ਹੀ ਲਾਗੂ ਹੋ ਜਾਵੇਗਾ। ਇਹ ਮੀਨੂ 31 ਜੁਲਾਈ ਤੱਕ ਰਹੇਗਾ। ਇਸ ਤੋਂ ਬਾਅਦ ਸਰਕਾਰ ਵੱਲੋਂ ਇਸ ਵਿੱਚ ਬਦਲਾਅ ਕੀਤੇ ਜਾਣਗੇ।
ਨਵਾਂ ਮਿਡ ਡੇ ਮੀਲ ਮੀਨੂ
ਸੋਮਵਾਰ – ਦਾਲ ਅਤੇ ਰੋਟੀ
ਮੰਗਲਵਾਰ – ਰਾਜਮਾ, ਚੌਲ ਅਤੇ ਖੀਰ
ਬੁੱਧਵਾਰ – ਕਾਲੇ ਚਨੇ/ਚਿੱਟੇ ਚਨੇ (ਆਲੂ ਮਿਲਾ ਕੇ ) ਅਤੇ ਪੁਰੀ/ਰੋਟੀ
ਵੀਰਵਾਰ – ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਨਾਲ) ਅਤੇ ਚੌਲ
ਸ਼ੁੱਕਰਵਾਰ – ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ – ਸਾਬਤ ਮਾਹ ਦੀ ਦਾਲ, ਚੌਲ ਅਤੇ ਮੌਸਮੀ ਫਲ