– ਡਾਕਟਰ ਗੁਰਮੇਲ ਸਿੰਘ, ਜਗਜੀਤ ਸਿੰਘ ਅਤੇ ਸੀਨਮ ਸਿੰਗਲਾ ਨੂੰ ਕੀਤਾ ਮੁਅਤਲ, ਵਿਜੀਲੈਂਸ ਵਿਭਾਗ ਵੀ ਕਰ ਰਿਹਾ ਜਾਂਚ : ਸਿਵਲ ਸਰਜਨ
ਬਠਿੰਡਾ, 30 ਜੂਨ (ਰਵਿੰਦਰ ਸ਼ਰਮਾ) : ਬਦਲਾਅ ਵਾਲੀ ਸਰਕਾਰ ਭਾਵੇਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਦਾਅਵੇ ਕਰ ਰਹੀ ਹੈ, ਪਰ ਮਾਨ ਸਰਕਾਰ ਅਧੀਨ ਸਿਵਲ ਹਸਪਤਾਲ ਹੀ ਬਿਮਾਰ ਨਜ਼ਰ ਆ ਰਹੇ ਹਨ। ਹੁਣ ਤਾਂ ਸਿਵਲ ਹਸਪਤਾਲ ਬਠਿੰਡਾ ਵਿੱਚ ਹੱਦੋਂ ਬਾਹਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਦੇ ਮੁਲਾਜ਼ਮਾਂ ਨੇ ਕਬਾੜ ਖੜੀਆਂ ਐਬੂਲੈਂਸਾਂ ਵਿੱਚ ਹੀ 25 ਤੋਂ 30 ਲੱਖ ਦਾ ਤੇਲ ਪਵਾ ਦਿੱਤਾ ਜਿਸ ਦਾ ਵੱਡਾ ਖੁਲਾਸਾ ਸਾਹਮਣੇ ਆਉਣ ਤੋਂ ਬਾਅਦ ਹੁਣ ਕਾਰਵਾਈ ਹੋਈ ਹੈ ਅਤੇ ਉਸ ਸਮੇਂ ਦੇ ਐਸਐਮਓ ਡਾਕਟਰ ਗੁਰਮੇਲ ਸਿੰਘ, ਡਾਟਾ ਐਂਟਰੀ ਆਪਰੇਟਰ ਜਗਜੀਤ ਸਿੰਘ ਅਤੇ ਸਹਾਇਕ ਸੀਨਮ ਸਿੰਗਲਾ ਨੂੰ ਮੁਅੱਤਲ ਕੀਤਾ ਗਿਆ ਹੈ। ਸਿਵਲ ਸਰਜਨ ਰਮਨ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬਾੜ ਖੜੀਆਂ ਐਮਬੂਲੈਂਸਾਂ ਵਿੱਚ ਤੇਲ ਪਵਾ ਕੇ ਵੱਡੇ ਪੱਧਰ ’ਤੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀਆਂ ਵੱਡੇ ਪੱਧਰ ’ਤੇ ਸ਼ਿਕਾਇਤਾਂ ਵੀ ਹੋਈਆਂ। ਇਸ ਦੀ ਹੋਈ ਜਾਂਚ ਉਪਰੰਤ ਤਿੰਨ ਮੁਲਾਜ਼ਮਾਂ ਡਾਕਟਰ ਗੁਰਮੇਲ ਸਿੰਘ, ਜਗਜੀਤ ਸਿੰਘ ਅਤੇ ਸੀਨਮ ਸਿੰਘਲਾ ਨੂੰ ਮੁਅਤਲ ਕੀਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਦਰਜ ਇਸ ਮਾਮਲੇ ਦੀ ਵਿਜੀਲੈਂਸ ਵਿਭਾਗ ਵੀ ਜਾਂਚ ਕਰ ਰਿਹਾ ਹੈ। ਜ਼ਿਕਰ ਯੋਗ ਹੈ ਕਿ ਕਬਾੜ ਖੜੀਆਂ ਐਂਬੂਲੈਂਸਾਂ ਵਿੱਚ 25 ਤੋਂ 30 ਲੱਖ ਰੁਪਏ ਦੇ ਤੇਲ ਪਾਉਣ ਦਾ ਮਾਮਲਾ ਪਿਛਲੇ ਦਿਨੀ ਸਾਹਮਣੇ ਆਇਆ ਸੀ ਜਿਸ ਦੀ ਵਿਭਾਗੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਹੱਦ ਤੱਕ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ ਅਤੇ ਸਿਵਲ ਹਸਪਤਾਲ ਬਠਿੰਡਾ ਅਧੀਨ ਸਾਹਮਣੇ ਆਏ ਇਸ ਮਾਮਲੇ ਤੇ ਤੁਰੰਤ ਐਕਸ਼ਨ ਕਰਦਿਆਂ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਇਸ ਦੀ ਵਿਭਾਗੀ ਪੜਤਾਲ ਦੇ ਨਾਲ ਵਿਜੀਲੈਂਸ ਵਿਭਾਗ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।
