– ਹਰ ਰੋਜ਼ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਪਹੁੰਚੇਗੀ ਵੈਨ
ਬਰਨਾਲਾ, 30 ਜੂਨ (ਰਵਿੰਦਰ ਸ਼ਰਮਾ) : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਮਿਸ਼ਨਰ ਫੂਡ ਸੇਫਟੀ ਪੰਜਾਬ ਵੱਲੋਂ ਜ਼ਿਲ੍ਹਾ ਬਰਨਾਲਾ ਲਈ ਇਕ ਫੂਡ ਸੇਫਟੀ ਵੈਨ ਮੁਹਈਆ ਕਰਵਾਈ ਗਈ ਹੈ। ਜੋ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸ਼ੁੱਧਤਾ ਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ’ਚ ਫੂਡ ਸੇਫਟੀ ਵੈਨ ਲੋਕਾਂ ਲਈ ਇਕ ਵੱਡਾ ਸਹਾਰਾ ਬਣੇਗੀ। ਇਹ ਵੈਨ ਹਰ ਰੋਜ਼ ਸਵੇਰੇ 10 ਵਜੇ ਤੋਂ 1 ਵਜੇ ਤੱਕ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਤੇ 2 ਵਜੇ ਤੋਂ 5 ਵਜੇ ਤਕ ਸਿਵਲ ਹਸਪਤਾਲ ਦੇ ਫੂਡ ਸੇਫਟੀ ਦਫਤਰ ਵਿਖੇ ਲੋਕਾਂ ਨੂੰ ਆਪਣੇ ਖਾਣ-ਪੀਣ ਵਾਲੇ ਪਦਾਰਥਾਂ ਦੀ ਜਾਂਚ ਕਰਵਾਉਣ ਦੀ ਸਹੂਲਤ ਮੁਹਈਆਂ ਕਰਵਾਏਗੀ। ਜਿਸ ਨਾਲ ਲੋਕਾਂ ’ਚ ਸਿਹਤ ਪ੍ਰਤੀ ਜਾਗਰੂਕਤਾ ਵਧੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਤਰ ਸਿਵਲ ਸਰਜਨ ਬਰਨਾਲਾ ਦੀ ਫੂਡ ਸੇਫਟੀ ਸ਼ਾਖਾ ਬਰਨਾਲਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
– ਕੀ ਹੈ ਫੂਡ ਸੇਫਟੀ ਵੈਨ ?
ਫੂਡ ਸੇਫਟੀ ਅਫਸਰ ਸੀਮਾ ਰਾਣੀ ਨੇ ਦੱਸਿਆ ਕਿ ਫੂਡ ਸੇਫਟੀ ਵੈਨ ਇਕ ਮੋਬਾਈਲ ਲੈਬਾਰਟਰੀ ਹੈ, ਜੋ ਭੋਜਨ ਤੇ ਡਰੱਗ ਪ੍ਰਸ਼ਾਸਨ ਵਲੋਂ ਚਲਾਈ ਗਈ ਹੈ। ਇਸ ਵੈਨ ’ਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮੁੱਢਲੀ ਜਾਂਚ ਲਈ ਅਤਿ ਆਧੁਨਿਕ ਟੈਸਟਿੰਗ ਮਸ਼ੀਨਾਂ ਨਾਲ ਲੈਸ ਹੈ। ਇਸ ਦਾ ਮੁੱਖ ਉਦੇਸ਼ ਖਾਧ ਪਦਾਰਥਾਂ ’ਚ ਮਿਲਾਵਟਖੋਰੀ ਨੂੰ ਰੋਕਣਾ ਤੇ ਲੋਕਾਂ ਨੂੰ ਸ਼ੁੱਧ ਭੋਜਨ ਮੁਹੱਈਆ ਕਰਵਾਉਣਾ ਹੈ।
– ਕਿਹੜੀਆਂ ਚੀਜ਼ਾਂ ਦੀ ਹੋ ਸਕਦੀ ਹੈ ਜਾਂਚ?
ਫੂਡ ਸੇਫਟੀ ਅਫਸਰ ਸੀਮਾ ਰਾਣੀ ਨੇ ਦੱਸਿਆ ਕਿ ਇਸ ਵੈਨ ’ਚ ਕਈ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਜਿਸ ’ਚ ਮੁੱਖ ਤੌਰ `ਤੇ ਪਾਣੀ, ਦੁੱਧ, ਘਿਓ, ਤੇਲ, ਮਸਾਲੇ ਆਦਿ ਸ਼ਾਮਲ ਹਨ। ਮੌਕੇ `ਤੇ ਹੀ ਇਨ੍ਹਾਂ ਚੀਜ਼ਾਂ ਦੀ ਮੁੱਢਲੀ ਜਾਂਚ ਕਰਕੇ ਮਿਲਾਵਟ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਕਿਸੇ ਨਮੂਨੇ ’ਚ ਮਿਲਾਵਟ ਦੀ ਸੰਭਾਵਨਾ ਲਗਦੀ ਹੈ ਤਾਂ ਉਸਨੂੰ ਵਿਸਥਾਰਪੂਰਵਕ ਜਾਂਚ ਲਈ ਜ਼ਿਲ੍ਹਾ ਲੈਬਾਰਟਰੀ ਭੇਜਿਆ ਜਾਵੇਗਾ।
– ਲੋਕ ਇਸ ਵੈਨ ਦਾ ਵੱਧ ਤੋਂ ਵੱਧ ਲਾਹਾ ਲੈਣ : ਡੀਸੀ
ਡੀਸੀ ਬੀ-ਬੈਨਿਥ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਫੂਡ ਸੇਫਟੀ ਵੈਨ ਤੁਹਾਡੇ ਇਲਾਕੇ ’ਚ ਪਹੁੰਚਦੀ ਹੈ ਤਾਂ ਲੋਕ ਆਪਣੇ ਘਰਾਂ ਜਾਂ ਦੁਕਾਨਾਂ ਤੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਮੂਨੇ ਲੈ ਕੇ ਜਾਂਚ ਕਰਵਾ ਸਕਦੇ ਹਨ। ਵੈਨ ’ਚ ਮੌਜੂਦ ਫੂਡ ਸੇਫਟੀ ਅਧਿਕਾਰੀ ਤੇ ਟੈਕਨੀਸ਼ੀਅਨ ਨਮੂਨਿਆਂ ਦੀ ਜਾਂਚ ਕਰਕੇ ਉਸਦੀ ਗੁਣਵਤਾ ਬਾਰੇ ਤੁਰੰਤ ਰਿਪੋਰਟ ਦਿੱਤੀ ਜਾਵੇਗੀ। ਇਹ ਸੇਵਾ ਸਿਰਫ 50 ਰੁਪਏ ਫੀਸ ਦੇ ਕੇ ਲਈ ਜਾ ਸਕਦੀ ਹੈ। ਲੋਕ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ। ਇਹ ਉਨ੍ਹਾਂ ਦੀ ਆਪਣੀ ਸਿਹਤ ਤੇ ਪਰਿਵਾਰ ਦੀ ਸੁਰੱਖਿਆ ਲਈ ਇਕ ਮਹੱਤਵਪੂਰਨ ਕਦਮ ਹੈ। ਭਵਿੱਖ ’ਚ ਵੀ ਇਹ ਵੈਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ’ਚ ਲਗਾਤਾਰ ਦੌਰੇ ਕਰਦੀ ਰਹੇਗੀ।
– ਜਾਗਰੂਕਤਾ ਤੇ ਸਿਹਤ ਸੁਰੱਖਿਆ
ਡੀਸੀ ਬੀ-ਬੈਨਿਥ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ ਲੋਕਾਂ ਨੂੰ ਆਪਣੇ ਖਾਧ ਪਦਾਰਥਾਂ ਦੀ ਸ਼ੁਧਤਾ ਬਾਰੇ ਜਾਣਕਾਰੀ ਮਿਲਦੀ ਹੈ, ਬਲਕਿ ਇਹ ਮਿਲਾਵਟਖੋਰੀ ਕਰਨ ਵਾਲਿਆਂ `ਤੇ ਵੀ ਸ਼ਿਕੰਜਾ ਕਸਣ ਵਿਚ ਮਦਦ ਕਰਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੈਨ ਦਾ ਮੁਖ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਹਮੇਸ਼ਾ ਸ਼ੁਧ ਅਤੇ ਮਿਆਰੀ ਭੋਜਨ ਦਾ ਸੇਵਨ ਕਰਨ ਤਾਂ ਜੋ ਵਖ-ਵਖ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਨਾਲ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਵੀ ਵਡਾ ਯੋਗਦਾਨ ਪਾਇਆ ਜਾ ਰਿਹਾ ਹੈ। ਵਿਭਾਗ ਵਲੋਂ ਇਸ ਵੈਨ ਦੇ ਦੌਰਿਆਂ ਨੂੰ ਹੋਰ ਤੇਜ਼ ਕਰਨ ਦੀ ਯੋਜਨਾ ਹੈ ਤਾਂ ਜੋ ਜ਼ਿਲ੍ਹੇ ਦੇ ਦੂਰ-ਦਰਾਡੇ ਇਲਾਕਿਆਂ ਤਕ ਵੀ ਇਹ ਸੁਵਿਧਾ ਪਹੁੰਚ ਸਕੇ। ਇਹ ਕਦਮ ਖਪਤਕਾਰਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਵਧੇਰੇ ਸੁਚੇਤ ਕਰਦਾ ਹੈ।
