ਹੰਡਿਆਇਆ, 1 ਜੁਲਾਈ (ਰਵਿੰਦਰ ਸ਼ਰਮਾ) : ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਲੋਕਾਂ ਨੂੰ ਸਵੱਛਤਾ ਅਭਿਆਨ ਚਲਾਉਣ ਦੇ ਲਈ ਉਤਸਾਹਿਤ ਕਰ ਰਹੇ ਹਨ, ਉਥੇ ਨਗਰ ਪੰਚਾਇਤ ਹੰਡਿਆਇਆ ਗੰਦਗੀ ਫੈਲਾ ਕੇ ਲੋਕਾਂ ਨੂੰ ਜ਼ਬਰਦਸਤੀ ਬਿਮਾਰੀਆਂ ਥਾਲੀ ਵਿੱਚ ਪਰੋਸ ਕੇ ਦੇ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸੈਦੋ ਪੱਤੀ ਦੇ ਟੋਭ ਦੇ ਗੰਦੇ ਪਾਣੀ ਨੂੰ ਹੰਡਿਆਇਆ ਦੇ ਸਰਕਾਰੀ ਹਸਪਤਾਲ ਵਿੱਚ ਛੱਡਿਆ ਜਾ ਰਿਹਾ ਹੈ। ਜਿਸ ਨਾਲ ਸੜਕ ’ਤੇ ਸਾਰੇ ਪਾਸੇ ਗੰਦਗੀ ਫੈਲੀ ਪਈ ਹੈ। ਉਸ ਰਸਤੇ ’ਤੇ ਪੈਦਲ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ। ਸਾਰੇ ਪਿੰਡ ਵਿੱਚ ਸਫਾਈ ਦਾ ਧਿਆਨ ਰੱਖਣ ਵਾਲੀ ਨਗਰ ਪੰਚਾਇਤ ਹੰਡਿਆਇਆ ਦੇ ਨੱਕ ਹੇਠ ਹੀ ਨਗਰ ਪੰਚਾਇਤ ਦੇ ਕਰਮਚਾਰੀਆਂ ਦੁਆਰਾ ਇਸ ਤਰ੍ਹਾਂ ਗੰਦੇ ਪਾਣੀ ਨੂੰ ਸਰਕਾਰੀ ਹਸਪਤਾਲ ਵਿੱਚ ਛੱਡਣਾ ਸਿੱਧਾ ਬਿਮਾਰੀਆਂ ਨੂੰ ਸੱਦਾ ਦੇਣ ਬਰਾਬਰ ਹੈ। ਜਦੋਂ ਕਿ ਇਹ ਰਸਤਾ ਨਗਰ ਪੰਚਾਇਤ ਹੰਡਿਆਇਆ ਵਿੱਚ ਕੰਮ ਕਰਨ ਵਾਲੇ ਕਈ ਕਰਮਚਾਰੀਆਂ ਦੇ ਘਰ ਜਾਣ ਦਾ ਰਾਹ ਵੀ ਹੈ।
ਆਸ ਪਾਸ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਗੰਦੇ ਪਾਣੀ ਨੂੰ ਸਰਕਾਰੀ ਹਸਪਤਾਲ ਵਿੱਚ ਜਾਣ ਤੋਂ ਰੋਕਿਆ ਜਾਵੇ ਤੇ ਜੋ ਪਾਣੀ ਸਰਕਾਰੀ ਹਸਪਤਾਲ ਵਿੱਚ ਚਲਾ ਗਿਆ ਹੈ ਉਸ ਨੂੰ ਉਥੋਂ ਬਾਹਰ ਕੱਢਿਆ ਜਾਵੇ ਤਾਂ ਜੋ ਲੋਕਾਂ ਵਿੱਚ ਬਿਮਾਰੀਆਂ ਫੈਲਣ ਤੋਂ ਬਚਾ ਹੋ ਸਕੇ।
ਜਦੋਂ ਇਸ ਸਬੰਧੀ ਇਸ ਵਾਰਡ ਦੇ ਐਮਸੀ ਰੇਸ਼ਮਾ ਦੇ ਬੇਟੇ ਨੋਨੀ ਖਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਅਣਜਾਣ ਹਨ ਪਰ ਉਹ ਜਲਦੀ ਹੀ ਇਸਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਸਬੰਧੀ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਨੇ ਕਿਹਾ ਕਿ ਉਹ ਇਸ ਬਾਰੇ ਜਾਣਕਾਰੀ ਲੈ ਕੇ ਜਲਦ ਹੀ ਇਸਦਾ ਹੱਲ ਕਰਵਾ ਰਹੇ ਹਨ।

Posted inਬਰਨਾਲਾ
