ਲਹਿਰਾਗਾਗਾ, 6 ਜੁਲਾਈ (ਰਵਿੰਦਰ ਸ਼ਰਮਾ) : ਕੱਲ ਪਿੰਡ ਬੁਸਹਿਰਾ ਨੇੜੇ ਮੋਟਰਸਾਈਕਲ ਵਿਚ ਕਾਰ ਵੱਜਣ ਕਾਰਨ ਨੌਜਵਾਨ ਤੇ ਉਸ ਦੀ ਭੈਣ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਗਗਨਦੀਪ ਸਿੰਘ ਪੁੱਤਰ ਰੋਹੀ ਸਿੰਘ ਵਾਸੀ ਰਟੌਲਾਂ, ਥਾਣਾ ਛਾਜਲੀ ਨੇ ਥਾਣਾ ਮੂਨਕ ਵਿਚ ਕਾਰ ਨੰਬਰ ਪੀਬੀ 72ਬੀ 7002 ਦੇ ਨਾਮਾਲੂਮ ਚਾਲਕ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਜਿਸ ਵਿਚ ਪੀੜਤ ਗਗਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਮਾਮੇ ਸੇਵਕ ਸਿੰਘ ਦਾ ਪੁੱਤਰ ਬੂਟਾ ਸਿੰਘ, ਉਸ ਦੀ ਭੈਣ ਪ੍ਰੀਤੀ ਕੌਰ ਅਤੇ ਭਾਣਜਾ ਸ਼ੈਂਟੀ ਸਿੰਘ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਉਸ ਦੇ ਅੱਗੇ ਜਾ ਰਹੇ ਸਨ। ਸਾਡੇ 7.30 ਵਜੇ ਸ਼ਾਮ ਦੇ ਕਰੀਬ ਜਦੋਂ ਬਿਆਨਕਰਤਾ ਤੇ ਬਾਕੀ ਜਣੇ ਬੱਸ ਅੱਡਾ ਪਿੰਡ ਬੁਸਿਹਰਾ ਤੋਂ ਕਰੀਬ ਇਕ ਕਿੱਲੋਮੀਟਰ ਅੱਗੇ ਪਹੁੰਚੇ ਤਾਂ ਤੇਜ਼ ਰਫ਼ਤਾਰ ਕਾਰ ਸਿੱਧੀ ਬੂਟਾ ਸਿੰਘ ਦੇ ਮੋਟਰਸਾਈਕਲ ਵਿਚ ਵੱਜੀ, ਜਿਸ ਨਾਲ ਤਿੰਨੇ ਮੋਟਰਸਾਈਕਲ ਸਵਾਰਾਂ ਦੇ ਬਹੁਤ ਸੱਟਾਂ ਲੱਗੀਆਂ, ਇਸ ਦੌਰਾਨ ਕਾਰ ਚਾਲਕ ਉਨ੍ਹਾਂ ਦੇ ਸਾਹਮਣੇ ਆਪਣੀ ਕਾਰ ਉਥੇ ਖੜ੍ਹੀ ਕਰ ਕੇ ਅਤੇ ਫਿਰ ਪਿਛਲੀ ਨੰਬਰ ਪਲੇਟ ਖੋਲ੍ਹ ਕੇ ਮੌਕੇ ਤੋਂ ਭੱਜ ਗਿਆ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੂਨਕ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਬੂਟਾ ਸਿੰਘ ਤੇ ਪ੍ਰੀਤੀ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਸ਼ੈਂਟੀ ਸਿੰਘ ਨੂੰ ਮੁਢਲੀ ਸਹਾਇਤਾ ਦੇ ਕੇ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ। ਜ਼ਖ਼ਮੀ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੋਈ ਹੈ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਦੂਜੇ ਪਾਸੇ ਮੂਨਕ ਥਾਣੇ ਦੇ ਮੁਖੀ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਕਾਰ ਦੇ ਨਾਮਾਲੂਮ ਚਾਲਕ ਵਿਰੁੱਧ ਪਰਚਾ ਦਰਜ਼ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

Posted inਸੰਗਰੂਰ