– ਪੰਜ ਦਿਨ ਬਾਅਦ ਵੀ ਪੁਲਿਸ ਦੇ ਹੱਥ ਖਾਲੀ
ਬਰਨਾਲਾ, 6 ਜੁਲਾਈ (ਰਵਿੰਦਰ ਸ਼ਰਮਾ) : ਪੱਤਰਕਾਰ ਕਰਨਪ੍ਰੀਤ ਧੰਦਰਾਲ ਦਾ ਮੋਟਰਸਾਈਕਲ 2 ਜੁਲਾਈ, 2025 ਨੂੰ ਬੱਸ ਸਟੈਂਡ ਪੁਲਿਸ ਚੌਂਕੀ ਬਰਨਾਲਾ ਦੇ ਹੇਠਾਂ ਤੋਂ ਚੋਰੀ ਹੋ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਪੰਜ ਦਿਨ ਬੀਤ ਚੁੱਕੇ ਹਨ, ਪਰ ਬਰਨਾਲਾ ਪੁਲਿਸ ਅਜੇ ਤੱਕ ਚੋਰੀ ਹੋਏ ਮੋਟਰਸਾਈਕਲ ਨੂੰ ਲੱਭਣ ’ਚ ਨਾਕਾਮ ਰਹੀ ਹੈ। ਇਸ ਨਾਲ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਤੇ ਗੰਭੀਰ ਸਵਾਲ ਉਠ ਰਹੇ ਹਨ। ਪੱਤਰਕਾਰ ਕਰਨਪ੍ਰੀਤ ਧੰਦਰਾਲ ਅਨੁਸਾਰ ਉਸ ਨੇ ਆਪਣਾ ਮੋਟਰਸਾਈਕਲ ਬੱਸ ਸਟੈਂਡ ਪੁਲਿਸ ਚੌਂਕੀ ਦੇ ਹੇਠਾਂ ਖੜ੍ਹਾ ਕੀਤਾ ਸੀ। ਇਹ ਸਥਾਨ ਸ਼ਹਿਰ ਦੇ ਸਭ ਤੋਂ ਭੀੜ ਤੇ ਸੁਰੱਖਿਅਤ ਮੰਨੇ ਜਾਂਦੇ ਖੇਤਰਾਂ ’ਚੋਂ ਇਕ ਹੈ ਕਿਉਂਕਿ ਇਥੇ ਪੁਲਿਸ ਦੀ 24 ਘੰਟੇ ਮੌਜੂਦਗੀ ਰਹਿੰਦੀ ਹੈ। ਇਸ ਦੇ ਬਾਵਜੂਦ ਚੋਰ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦੇਣ ’ਚ ਕਾਮਯਾਬ ਰਹੇ। ਪੀੜਤ ਕਰਨਪ੍ਰੀਤ ਧੰਦਰਾਲ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਸੀ ਤੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪਰ ਅਜੇ ਤੱਕ ਕੋਈ ਠੋਸ ਜਵਾਬ ਨਹੀਂ ਮਿਲਿਆ। ਘਟਨਾ ਦੇ ਪੰਜ ਦਿਨ ਬਾਅਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਪੀੜਤ ਪੱਤਰਕਾਰ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਚੌਂਕੀ ਦੇ ਹੇਠਾਂ ਵਾਹਨ ਚੋਰੀ ਹੋ ਸਕਦੇ ਹਨ ਤੇ ਪੁਲਿਸ ਉਨ੍ਹਾਂ ਨੂੰ ਲੱਭਣ ’ਚ ਅਸਫਲ ਰਹਿੰਦੀ ਹੈ ਤਾਂ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ? ਇਸ ਘਟਨਾ ਨੇ ਬਰਨਾਲਾ ਪੁਲਿਸ ਦੀ ਚੋਰੀ ਹੋਏ ਵਾਹਨਾਂ ਨੂੰ ਲੱਭਣ ਦੀ ਸਮਰੱਥਾ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸ਼ਹਿਰ ’ਚ ਵਧਦੀਆਂ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਮਨਾਂ ’ਚ ਡਰ ਪੈਦਾ ਕਰ ਦਿੱਤਾ ਹੈ। ਪੁਲਿਸ ਦੀ ਇਹ ਲਾਪਰਵਾਹੀ ਅਪਰਾਧੀਆਂ ਦੇ ਹੌਂਸਲੇ ਹੋਰ ਵਧਾ ਰਹੀ ਹੈ। ਜੇਕਰ ਪੁਲਿਸ ਪ੍ਰਸ਼ਾਸਨ ਇਸੇ ਤਰ੍ਹਾਂ ਢਿੱਲ ਵਰਤਦਾ ਰਿਹਾ ਤਾਂ ਆਮ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਜਾਵੇਗਾ।
ਬਰਨਾਲਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਹੋਏ ਸਵਾਲ
ਘਟਨਾ ਨੇ ਬਰਨਾਲਾ ਪੁਲਿਸ ਦੀ ਕਾਰਗੁਜ਼ਾਰੀਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਥੇ ਪੁਲਿਸ ਨੂੰ ਚੌਕਸੀ ਵਧਾਉਣੀ ਚਾਹੀਦੀ ਹੈ, ਉਥੇ ਹੀ ਉਨ੍ਹਾਂ ਦੀ ਲਾਪਰਵਾਹੀ ਕਾਰਨ ਸ਼ਹਿਰ ਵਾਸੀਆਂ ’ਚ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੱਤਰਕਾਰ ਵਰਗੇ ਜਾਗਰੂਕ ਵਿਅਕਤੀ ਨਾਲ ਅਜਿਹਾ ਹੋ ਸਕਦਾ ਹੈ ਤਾਂ ਆਮ ਲੋਕ ਕਿੰਨੇ ਸੁਰੱਖਿਅਤ ਹਨ?
ਯੂਨੀਅਨ ਦੀ ਮੀਟਿੰਗ ਅੱਜ, ਐਸਐਸਪੀ ਨੂੰ ਮਿਲਣਗੇ
ਪੱਤਰਕਾਰ ਕਰਨਪ੍ਰੀਤ ਧੰਦਰਾਲ ਦੇ ਮੋਟਰਸਾਈਕਲ ਚੋਰੀ ਹੋਣ ਤੇ ਪੰਜ ਦਿਨਾਂ ਬਾਅਦ ਵੀ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਾ ਕਰਨ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਇਕਾਈ ਬਰਨਾਲਾ ਵਲੋਂ 7 ਜੁਲਾਈ ਸੋਮਵਾਰ ਸਵੇਰੇ 11 ਵਜੇ ਇਕ ਮੀਟਿੰਗ ਰੱਖੀ ਗਈ ਹੈ। ਜਿਸ ’ਚ ਵਿਚਾਰ ਵਟਾਂਦਰਾਂ ਕਰਕੇ ਐਸਐਸਪੀ ਬਰਨਾਲਾ ਨੂੰ ਮਿਲ ਕੇ ਤੁਰੰਤ ਕਾਰਵਾਈ ਦੀ ਮੰਗ ਕਰਨਗੇ।
