ਬਰਨਾਲਾ, 21 ਜੁਲਾਈ (ਰਵਿੰਦਰ ਸ਼ਰਮਾ) : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਵਲੋਂ ਨੂੰਹ ਦੀ ਕੁੱਟਮਾਰ ਕਰ ਕੇ ਉਸ ਨੂੰ ਸਹੁਰੇ ਘਰੋਂ ਬਾਹਰ ਕੱਢਣ ’ਤੇ ਸਹੁਰਾ ਪਰਿਵਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਕੁਲਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਸੰਘੇੜਾ ਨੇ ਬਿਆਨ ਦਰਜ ਕਰਵਾਏ ਕਿ ਉਸ ਕੁਲਦੀਪ ਸਿੰਘ ਨਾਲ ਸ਼ਗਨ 20 ਦਸੰਬਰ 2020 ਨੂੰ ਹੋਇਆ ਸੀ। ਉਸ ਵੱਲੋਂ ਆਪਣੇ ਪਤੀ ਨੂੰ ਇਕ ਤੋਲਾ ਸੋਨੇ ਦੀ ਰਿੰਗ ਪਾਈ ਗਈ। ਮੁਦੱਈ ਦੇ ਪਿਤਾ ਨੇ ਲੜਕੇ ਪਰਿਵਾਰ ਦੇ ਕਹੇ ਅਨੁਸਾਰ ਇਕ ਵੱਡੇ ਪੈਲੇਸ ’ਚ ਵਿਆਹ ਕੀਤਾ। ਵਿਆਹ ’ਚ ਮੁਦੱਈ ਦੇ ਪਿਤਾ ਨੇ ਉਸ ਨੂੰ 8 ਤੋਲੇ ਸੋਨਾ ਪਾਇਆ ਸੀ। ਇਸ ਦੀ ਕੀਮਤ 6 ਲੱਖ ਰੁਪਏ ਦੇ ਕਰੀਬ ਬਣਦੀ ਹੈ। ਵਿਆਹ ਤੋਂ ਕੁੱਝ ਦਿਨ ਬਾਅਦ ਸੁਖਜੀਤ ਕੌਰ ਤੇ ਹਰਦੀਪ ਕੌਰ ਸਾਡੇ ਘਰ ਆਏ ਹੋਏ ਸਨ। ਜਿਨ੍ਹਾਂ ਨੇ ਮੁਦੱਈ ਦੇ ਸ਼ਗਨ ਦੇ ਪੈਸੇ ਜੋ ਕਰੀਬ 1,25,000 ਰੁਪਏ ਸਨ, ਲੈ ਲਏ, ਜੋ ਵਾਪਸ ਨਹੀਂ ਕੀਤੇ। ਮੁਦੱਈ ਦੇ ਪਤੀ ਕੁਲਦੀਪ ਸਿੰਘ ਨੇ ਕਿਹਾ ਕਿ ਹੁਣ ਉਸ ਨੇ ਵਿਦੇਸ਼ ਇਟਲੀ ਜਾਣਾ ਹੈ ਤੇ ਉਸ ਨੂੰ ਵੀ ਉੱਥੇ ਜਾ ਕੇ ਬੁਲਾ ਲਵੇਗਾ। ਇਟਲੀ ਜਾ ਕੇ ਸਾਡੀ ਦੋਵਾਂ ਦੀ ਫੋਨ ’ਤੇ ਗੱਲਬਾਤ ਵਧੀਆ ਹੁੰਦੀ ਰਹੀ। ਪਰ ਲੜਕੇ ਦੀ ਮਾਤਾ ਹਰਬੰਸ ਕੌਰ ਮੁਦੱਈ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਈ। ਮੁਦੱਈ ਦਾ ਪਤੀ ਭਾਰਤ ਤੋਂ ਇਟਲੀ ਦੁਬਾਰਾ ਵਾਪਸ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਹਰਬੰਸ ਕੌਰ, ਸੁਖਜੀਤ ਕੌਰ ਤੇ ਹਰਦੀਪ ਕੌਰ ਨੇ ਮੁਦੱਈ ਦੀ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਉਸ ਦੇ ਪਿਤਾ ਪਾਸੋਂ 5 ਲੱਖ ਰੁਪਏ ਲੈ ਕੇ ਆਉਣ ਲਈ ਕਿਹਾ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਸਹੁਰਾ ਪਰਿਵਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted inਬਰਨਾਲਾ
