Posted inPolice ਬਰਨਾਲਾ ਮੁਹੰਮਦ ਸਰਫ਼ਰਾਜ ਆਲਮ ਨੇ ਬਰਨਾਲਾ ਦੇ ਐੱਸ.ਐੱਸ.ਪੀ. ਵਜੋਂ ਅਹੁਦਾ ਸੰਭਾਲਿਆ Posted by overwhelmpharma@yahoo.co.in Feb 24, 2025 ਬਰਨਾਲਾ, 24 ਫ਼ਰਵਰੀ (ਰਵਿੰਦਰ ਸ਼ਰਮਾ) : ਸੋਮਵਾਰ ਨੂੰ ਬਰਨਾਲਾ ’ਚ ਮੁਹੰਮਦ ਸਰਫ਼ਰਾਜ ਆਲਮ ਨੇ ਬਤੌਰ ਜ਼ਿਲ੍ਹਾ ਪੁਲਿਸ ਮੁਖੀ ਨੇ ਆਪਣਾ ਚਾਰਜ਼ ਸੰਭਾਲ ਲਿਆ ਹੈ। ਉਹ ਪਟਿਆਲਾ ਵਿਖੇ ਬਤੌਰ ਐੱਸ.ਪੀ. ਆਪਣੀਆਂ ਸੇਵਾਵਾ ਨਿਭਾਅ ਰਹੇ ਸਨ ਤੇ ਪਦਉੱਨਤ ਹੋਣ ਉਪਰੰਤ ਬਤੌਰ ਐੱਸ.ਐੱਸ.ਪੀ ਬਰਨਾਲਾ ’ਚ ਉਨ੍ਹਾਂ ਦੀ ਪਹਿਲੀ ਨਿਯੁਕਤੀ ਹੈ। ਆਪਣਾ ਚਾਰਜ਼ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਐਂਟੀ ਡਰੱਗ, ਐਂਟੀ ਗੈਂਗਸਟਰਵਾਦ ਖਿਲਾਫ ਸਖਤੀ ਨਾਲ ਮੁਹਿੰਮ ਚਲਾਉਣਾ, ਚੰਗਾ ਅਤੇ ਪ੍ਰਭਾਵਸ਼ਾਲੀ ਪ੍ਰਸ਼ਾਸ਼ਨ ਲੋਕਾਂ ਨੂੰ ਦੇਣਾ, ਪੁਲਿਸ ਅਤੇ ਪਬਲਿਕ ਦਰਮਿਆਨ ਗੈਪ ਨੂੰ ਘੱਟ ਕਰਕੇ, ਜਿਲ੍ਹੇ ਅੰਦਰ ਹਰ ਤਰਾਂ ਦੇ ਅਪਰਾਧ ਨੂੰ ਨੱਥ ਪਾਉਣਾ,ਉਨਾਂ ਦੀ ਪਹਿਲੀ ਤਰਜ਼ੀਹ ਵਿੱਚ ਸ਼ਾਮਿਲ ਹੈ। ਆਲਮ ਨੇ ਕਿਹਾ ਕਿ ਜਿਲ੍ਹੇ ਅੰਦਰ ਪਹਿਲਾਂ ਤੋਂ ਪੁਲਿਸ ਵੱਲੋਂ ਕੀਤੇ ਜਾ ਰਹੇ ਚੰਗੇ ਉਪਰਾਲਿਆਂ ਨੂੰ ਜ਼ਾਰੀ ਰੱਖਿਆ ਜਾਵੇਗਾ ਅਤੇ ਚੰਗੀ ਪੁਲਸਿੰਗ ਦੇ ਰਾਹ ਵਿੱਚ ਆਉਂਦੀਆਂ ਘਾਟਾਂ/ ਕਮੀਆਂ ਨੂੰ ਦੂਰ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੁਹੰਮਦ ਆਲਮ ਨੇ ਬਤੌਰ ਐੱਸਐੱਸਪੀ ਆਪਣੀ ਪਹਿਲੀ ਪੋਸਟਿੰਗ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪ੍ਰਮੋਸ਼ਨ ਨਾਲ, ਅਧਿਕਾਰੀ ਦੀ ਜਵਾਬਦੇਹੀ ਅਤੇ ਜਿੰਮੇਵਾਰੀਆਂ ਵੀ ਵੱਧਦੀਆਂ ਹਨ। ਉਨਾਂ ਕਿਹਾ ਕਿ ਇਨਾਂ ਜਿੰਮੇਵਾਰੀਆਂ ਨੂੰ ਸਖਤ ਮਿਹਨਤ, ਇਮਾਨਦਾਰੀ ਅਤੇ ਚੰਗੀ ਟੀਮ ਦੇ ਸਹਿਯੋਗ ਨਾਲ ਬਾਖੂਬੀ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾੜੇ ਅਨਸਰਾਂ/ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਬਾਰੇ ਪੁਲਿਸ ਨੂੰ ਸੂਚਿਤ ਕਰਨ, ਕਿਸੇ ਵੀ ਅਪਰਾਧੀ ਨੂੰ ਜਿਲ੍ਹੇ ਅੰਦਰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੁਲਿਸ ਵੱਲੋਂ, ਜੋ ਜਿੰਮੇਵਾਰੀ ਦੇ ਕੇ,ਉਨਾਂ ਤੇ ਭਰੋਸਾ ਜਤਾਇਆ ਹੈ, ਮੈਂ ਤਨੋ-ਮਨੋ ਮਿਹਨਤ ਕਰਕੇ,ਮੇਰੇ ਤੇ ਲਾਈਆਂ ਉਮੀਦਾਂ ’ਤੇ ਖਰਾ ਉੱਤਰਨ ਲਈ ਦਿਨ ਰਾਤ ਕੰਮ ਕਰਾਂਗਾ। ਉਨਾਂ ਕਿਹਾ ਕਿ ਜਿਹੜੀ ਕੁਰਸੀ ਉਨਾਂ ਨੂੰ ਮਿਲੀ ਹੈ, ਉਸ ਨਾਲ ਇਨਸਾਫ ਕਰਨਾ ਵੀ ਵੱਡੀ ਜਿੰਮੇਵਾਰੀ ਹੈ। ਪਟਿਆਲਾ, ਮੋਗਾ ਤੇ ਜਲੰਧਰ ’ਚ ਨਿਭਾਅ ਚੁੱਕੇ ਹਨ ਸੇਵਾਵਾਂ ਵਰਨਣਯੋਗ ਹੈ ਕਿ ਮੁਹੰਮਦ ਸਰਫਰਾਜ ਆਲਮ ਪਟਿਆਲਾ ਵਿਖੇ ਬਤੌਰ ਐੱਸ.ਪੀ. ਸਿਟੀ ਦੋ ਸਾਲ ਤੱਕ ਚੰਗੀਆਂ ਸੇਵਾਵਾਂ ਨਿਭਾ ਕੇ ਆਏ ਹਨ। ਇੰਨਾਂ ਦੇ ਕੰਮ ਕਰਨ ਦੇ ਢੰਗ ਦੀ ਸ਼ਲਾਘਾ ਪਟਿਆਲਾ ਦੇ ਲੋਕਾਂ ਦੀ ਜੁਬਾਨ ’ਤੇ ਹੈ। ਇਸ ਤੋਂ ਪਹਿਲਾਂ ਮੁਹੰਮਦ ਆਲਮ ਨੇ ਕਰੀਬ 3 ਮਹੀਨੇ ਜਲੰਧਰ ਅਤੇ 10 ਮਹੀਨੇ ਮੋਗਾ ਵਿਖੇ ਵੀ ਡਿਊਟੀ ਨਿਭਾਈ ਹੈ । ਜਿਕਰਯੋਗ ਹੈ ਕਿ ਲੰਘੇ ਦਿਨੀਂ ਹੋਏ ਪੁਲਿਸ ਤਬਾਦਲਿਆਂ ਵਿੱਚ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੂੰ ਹੁਸ਼ਿਆਰਪੁਰ ਐਸਐਸਪੀ ਲਗਾਇਆ ਗਿਆ ਹੈ। ਐਸਐਸਪੀ ਸਰਫਰਾਜ਼ ਆਲਮ ਦੇ ਬਰਨਾਲਾ ਦਫਤਰ ਪਹੁੰਚਣ ’ਤੇ ਪੁਲਿਸ ਟੁਕੜੀ ਤੋਂ ਸਲਾਮੀ ਲਈ। ਇਸ ਮੌਕੇ ਐੱਸ.ਪੀ. (ਐੱਚ.) ਸੌਰਵ ਜ਼ਿੰਦਲ, ਐੱਸ.ਪੀ. (ਆਈ) ਸਨਦੀਪ ਸਿੰਘ ਮੰਡ, ਡੀ.ਐੱਸ.ਪੀ (ਡੀ) ਰਜਿੰਦਰਪਾਲ ਸਿੰਘ, ਡੀ.ਐੱਸ.ਪੀ (ਪੀ.ਬੀ.ਆਈ.) ਕੁਲਵੰਤ ਸਿੰਘ, ਡੀ.ਐੱਸ.ਪੀ ਐੱਨ.ਡੀ.ਪੀ.ਐੱਸ ਕਮਲਜੀਤ ਸਿੰਘ ਤੇ ਡੀ.ਐੱਸ.ਪੀ ਬਲਜੀਤ ਸਿੰਘ ਵੀ ਹਾਜ਼ਰ ਸਨ। Post navigation Previous Post ਪੰਜਾਬੀ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ’ਚ ਸ਼ਾਮਲNext Post14 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਮੌਤ, ਪਰਿਵਾਰ ਦਾ ਸੀ ਇਕਲੌਤਾ ਸਹਾਰਾ