ਚੰਡੀਗੜ੍ਹ, 7 ਅਗਸਤ (ਰਵਿੰਦਰ ਸ਼ਰਮਾ) : ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੰਨੂ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਇਸ ਵਾਰ 15 ਅਗਸਤ ਨੂੰ ਫਰੀਦਕੋਟ ‘ਚ ਭਗਵੰਤ ਮਾਨ ਨਿਸ਼ਾਨੇ ‘ਤੇ ਹੋਵੇਗਾ। ਅਸੀਂ ਮਾਨ ਵੱਲੋਂ ਝੰਡਾ ਲਹਿਰਾਉਣ ਦਾ ਵਿਰੋਧ ਕਰਦੇ ਹਾਂ। ਪੰਨੂ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵੀ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਪੰਨੂ ਨੇ ਵੀਡੀਓ ‘ਚ ਇਹ ਵੀ ਦਾਅਵਾ ਕੀਤਾ ਕਿ ਅੰਮ੍ਰਿਤਸਰ ‘ਚ ਬੱਸ ਸਟੈਂਡ ਨੇੜੇ ਮੰਦਰ, ਕੋਰਟ ਕੰਪਲੈਕਸ ਅਤੇ ਖਾਲਸਾ ਕਾਲਜ ਦੀਆਂ ਕੰਧਾਂ ‘ਤੇ ‘ਖਾਲਿਸਤਾਨੀ, SFJ ਰੈਫਰੈਂਡਮ ਅਤੇ ਭਗਵੰਤ ਮਾਨ ਮੁਰਦਾਬਾਦ’ ਦੇ ਨਾਅਰੇ ਲਿਖਵਾਏ ਗਏ ਹਨ। ਪੰਨੂ ਨੇ ਕਿਹਾ- 15 ਅਗਸਤ ਪੰਜਾਬ ਦੀ ਆਜ਼ਾਦੀ ਦਾ ਦਿਵਸ ਨਹੀਂ ਹੈ। ਅੱਜ ਖਾਲਿਸਤਾਨੀ ਸਮਰਥਕਾਂ ਨੇ ਬੱਸ ਸਟੈਂਡ ਨੇੜੇ ਹਿੰਦੂ ਮੰਦਰ ‘ਤੇ ਨਾਅਰੇ ਲਿਖਵਾਏ ਹਨ। ਜ਼ਿਲ੍ਹਾ ਕਚਹਿਰੀ ‘ਤੇ SFJ ਰੈਫਰੈਂਡਮ ਜ਼ਿੰਦਾਬਾਦ, ਭਗਵੰਤ ਮਾਨ ਮੁਰਦਾਬਾਦ ਲਿਖਿਆ ਹੈ।

ਅੱਤਵਾਦੀ ਨੇ ਅੱਗੇ ਕਿਹਾ ਕਿ ਹਿੰਦੂ ਸਮਾਜ ਅਤੇ ਕਿਸਾਨੋ, 15 ਤਰੀਕ ਯਾਦ ਰੱਖੋ। ਫਰੀਦਕੋਟ ਜਾਂ ਕਿਸੇ ਹੋਰ ਥਾਂ ‘ਤੇ ਜਿੱਥੇ ਵੀ ਆਮ ਆਦਮੀ ਪਾਰਟੀ ਵਾਲੇ ਤਿਰੰਗਾ ਲਹਿਰਾ ਰਹੇ ਹਨ, ਉੱਥੇ ਖਾਲਿਸਤਾਨ ਦਾ ਝੰਡਾ ਲਹਿਰਾਓ। ਜੇਕਰ ਹਿੰਦੂ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਬੋਲਦੇ ਤਾਂ ਖਾਲਿਸਤਾਨ ਬਣਨ ਤੋਂ ਬਾਅਦ ਕਾਨੂੰਨੀ ਤੌਰ ‘ਤੇ ਹਿਸਾਬ ਮੰਗਿਆ ਜਾਵੇਗਾ।
ਭਗਵੰਤ ਮਾਨ ਨੂੰ ਧਮਕੀ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਹ ਸੰਦੇਸ਼ ਹਿੰਦੂਆਂ ਅਤੇ ਭਗਵੰਤ ਮਾਨ ਲਈ ਹੈ। 40 ਹਜ਼ਾਰ ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ। 15 ਅਗਸਤ ਨੂੰ ਉਹ ਤਿਰੰਗਾ ਲਹਿਰਾ ਰਹੇ ਹਨ। ਜੇਕਰ ਜ਼ਮੀਨ ਬਚਾਉਣੀ ਹੈ ਤਾਂ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਲੋਕ ਤਿਰੰਗਾ ਲਹਿਰਾ ਰਹੇ ਹਨ, ਉੱਥੇ ਖਾਲਿਸਤਾਨੀ ਝੰਡਾ ਲਹਿਰਾਓ। ਭਗਵੰਤ ਮਾਨ, ਬੇਅੰਤ ਸਿੰਘ ਨੂੰ ਯਾਦ ਰੱਖਣਾ। ਪਿਛਲੇ ਸਾਲ 15 ਅਗਸਤ ਨੂੰ ਬੁਲੇਟ ਪਰੂਫ ਗਲਾਸ ਵਿੱਚ ਸੀ। ਇਸ ਵਾਰ ਤੁਸੀਂ ਫਰੀਦਕੋਟ ‘ਚ ਨਿਸ਼ਾਨੇ ‘ਤੇ ਰਹੋਗੇ।
ਅੰਮ੍ਰਿਤਸਰ ਦੇ ਸ਼ਿਵਾਲਾ ਭਾਈਆਂ ਮੰਦਰ ਦੀਆਂ ਕੰਧਾਂ ‘ਤੇ ਅੱਤਵਾਦੀ ਪੰਨੂ ਵੱਲੋਂ ਖਾਲਿਸਤਾਨ ਸਮਰਥਿਤ ਨਾਅਰੇ ਲਿਖਵਾਏ ਗਏ ਸਨ। ਮੰਦਿਰ ਦੇ ਪ੍ਰਧਾਨ ਜਤਿੰਦਰ ਅਰੋੜਾ ਨੇ ਦੱਸਿਆ ਕਿ ਜਦੋਂ ਸਵੇਰੇ ਮੰਦਿਰ ਖੋਲ੍ਹਿਆ ਗਿਆ ਤਾਂ ਉੱਥੇ ਖਾਲਿਸਤਾਨ ਦੇ ਨਾਅਰੇ ਲਿਖੇ ਹੋਏ ਸਨ, ਜੋ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਿਖੇ ਗਏ ਸਨ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇ ਦਿੱਤੀ ਗਈ ਸੀ। ਫਿਲਹਾਲ ਇਨ੍ਹਾਂ ਨਾਅਰਿਆਂ ‘ਤੇ ਪੇਂਟ ਕਰ ਦਿੱਤਾ ਗਿਆ ਹੈ ਅਤੇ ਸੰਗਤ ਪਹਿਲਾਂ ਵਾਂਗ ਮੰਦਰ ‘ਚ ਆ ਰਹੀ ਹੈ।