ਮੋਗਾ, 16 ਅਗਸਤ (ਰਵਿੰਦਰ ਸ਼ਰਮਾ) : ਵਿਆਹਾਂ ਦੀ ਸਮੱਸਿਆ ਕਿੰਨੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਇਸ ਗੱਲ ਦਾ ਪਤਾ ਇਸ ਪੱਤਰ ਤੋਂ ਲਗਦਾ ਹੈ ਜਿਸ ਉੱਪਰ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਦਸਤਖ਼ਤ ਕੀਤੇ ਗਏ ਹਨ, ਇਸ ਚਿੱਠੀ ਵਿੱਚ ਅਨੋਖੀ ਮੰਗ ਇਹ ਕੀਤੀ ਗਈ ਹੈ ਕਿ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੂੰ ਸਾਡੇ ਵਿਆਹ ਕਰਵਾਉਣ ਵਾਸਤੇ ਵਿਚੋਲਾ ਬਣਨਾ ਚਾਹੀਦਾ ਹੈ। ਇਹਨਾਂ ਨੌਜਵਾਨਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਅੱਗੇ ਵੀ ਬਾਦਲ ਨੂੰ ਵੋਟਾਂ ਪਾਈਆਂ ਹਨ ਅਤੇ ਵਿਆਹ ਤੋਂ ਬਾਅਦ ਵੀ ਵੱਡੀ ਗਿਣਤੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ। ਸੋਸ਼ਲ ਮੀਡੀਏ ’ਤੇ ਵਾਇਰਲ ਹੋਈ ਇਸ ਚਿੱਠੀ ਦੀ ਬੜੀ ਚਰਚਾ ਹੈ।

ਹਾਸੇ ਹਾਸੇ ਵਿੱਚ ਲਿਖੀ ਇਸ ਚਿੱਠੀ ਨੇ ਇੱਕ ਗੰਭੀਰ ਚਰਚਾ ਛੇੜ ਦਿੱਤੀ ਹੈ, ਅਸਲ ਕਾਰਨ ਵੱਡੀ ਗਿਣਤੀ ਵਿੱਚ ਵਿਦੇਸ਼ ਜਾ ਰਹੀਆਂ ਬੱਚੀਆਂ ਤੋਂ ਇਲਾਵਾ ਕਿਸੇ ਸਮੇਂ ਕੁੱਖ ਵਿੱਚ ਕਤਲ ਕਰਾ ਦਿੱਤੀਆਂ ਗਈਆਂ ਬੱਚੀਆਂ ਹਨ। ਬੇਸ਼ੱਕ ਹਰ ਹਸਪਤਾਲ ਵਿੱਚ ਇਹ ਲਿਖ ਕੇ ਲਗਾ ਦਿੱਤਾ ਹੈ ਕਿ ਇੱਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤਾ ਜਾਂਦਾ ਅਤੇ ਬੇਟੀ ਨੂੰ ਕੁੱਖ ਵਿੱਚ ਕਤਲ ਕਰਵਾਉਣਾ ਕਾਨੂੰਨੀ ਅਪਰਾਧ ਹੈ ਪਰ ਇਹ ਘਿਣਾਉਣੇ ਕੰਮ ਅੱਜ ਵੀ ਬੰਦ ਨਹੀਂ ਹੋਏ, ਅੱਜ ਇਹੀ ਕੰਮ ਵੱਧ ਰੁਪਏ ਲੈਕੇ ਕਰ ਦਿੱਤੇ ਜਾਂਦੇ ਹਨ ਜੋ ਆਧੁਨਿਕ ਸਮਾਜ ਦੇ ਮੱਥੇ ’ਤੇ ਕਲੰਕ ਦਾ ਟਿੱਕਾ ਹਨ। ਸਮੇਂ ਦੀ ਮੁੱਖ ਮੰਗ ਹੈ ਕਿ ਜਾਤ ਪਾਤ ਨੂੰ ਤਿਆਗ ਕੇ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਜਾਵੇ ਤਾਂ ਕਿ ਹਰ ਮਨੁੱਖ ਦੇ ਸੁਪਨੇ ਸਾਕਾਰ ਹੋ ਸਕਣ ਅਤੇ ਹਰ ਮਨੁੱਖ ਸਨਮਾਨ ਨਾਲ ਜ਼ਿੰਦਗੀ ਬਸਰ ਕਰ ਸਕੇ।