ਕੋਟ ਈਸੇ ਖਾਂ, 22 ਅਗਸਤ (ਰਵਿੰਦਰ ਸ਼ਰਮਾ) : ਬਲਾਕ ਕੋਟ ਈਸੇ ਖਾਂ ਅਧੀਨ ਪਿੰਡ ਚਿਰਾਗ ਸ਼ਾਹ ਵਾਲਾ ਦੇ ਮੌਜੂਦਾ ਸਰਪੰਚ ਦੀ ਚਿੱਟਾ ਪੀਣ ਦੀ ਇਕ ਵੀਡੀਓ ਕਸਬੇ ਦੇ ਇਕ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਹੈ। ਸਰਪੰਚ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਲਕੇ ‘ਚ ਸਿਆਸੀ ਬਹਿਸ ਛਿੜ ਗਈ ਹੈ। ਸਰਪੰਚ ਦੇ ਸੱਤਾਧਾਰੀ ਪਾਰਟੀ ਨਾਲ ਜੁੜੇ ਹੋਣ ਕਾਰਨ ਵਿਰੋਧੀ ਪਾਰਟੀ ਨੂੰ ਨਵਾਂ ਮੁੱਦਾ ਮਿਲ ਗਿਆ ਹੈ। ਦੂਜੇ ਪਾਸੇ, ਸੱਤਾਧਾਰੀ ਪਾਰਟੀ ਦੇ ਕੁਝ ਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਿ ਜੋ ਸਰਪੰਚ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਸਾਡੇ ਪਾਰਟੀ ਦਾ ਨਹੀਂ ਹੈ। ਮਾਮਲੇ ਦੀ ਚਰਚਾ ਕਾਰਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਸਹਿਯੋਗ ਨਾਲ ਸਰਪੰਚ ਨੂੰ ਜਨੇਰ ਨਸ਼ਾ ਮੁਕਤੀ ਕੇਂਦਰ ‘ਚ ਦਾਖ਼ਲ ਕਰਵਾਇਆ ਹੈ। ਧਰਮਕੋਟ ‘ਚ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਕੁਲਵਿੰਦਰ ਮਾਨ ਕੋਟ ਈਸੇ ਖਾਂ ਨੇ ਸ਼ੁੱਕਰਵਾਰ ਨੂੰ ਪਿੰਡ ਚਿਰਾਗ ਸ਼ਾਹ ਵਾਲਾ ਦੇ ਸਰਪੰਚ ਵਿਦਿਆ ਸਿੰਘ ਦੀ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ ਕਰ ਕੇ ਹਲਕੇ ‘ਚ ਨਸ਼ੇ ਦੀ ਰੋਕਥਾਮ ਲਈ ਵਿਧਾਇਕ ਵੱਲੋਂ ਕੀਤੇ ਜਾ ਰਹੇ ਦਾਆਵਿਆਂ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਹਲਕੇ ਦੇ ਵਿਧਾਇਕ ਦੇ ਨਾਲ ਸਰਪੰਚ ਦੀ ਤਸਵੀਰ ਵੀ ਸਾਂਝੀ ਕੀਤੀ ਹੈ।
ਸਰਪੰਚ ਦੀ ਚਿੱਟੇ ਦਾ ਸੇਵਨ ਕਰਦੇ ਦੀ ਵੀਡੀਓ 2 ਮਹੀਨੇ ਪੁਰਾਣੀ : ਡੀਐੱਸਪੀ
ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਸਰਪੰਚ ਦੀ ਵਾਇਰਲ ਵੀਡੀਓ 2 ਮਹੀਨੇ ਪੁਰਾਣੀ ਹੈ। ਇਹ ਵੀ ਪਤਾ ਲੱਗਿਆ ਕਿ ਸਰਪੰਚ ਨਸ਼ੇ ਦਾ ਆਦੀ ਹੈ ਤੇ ਹੁਣ ਨਸ਼ਾ ਛੱਡਣਾ ਚਾਹੁੰਦਾ ਹੈ। ਇਸ ਲਈ ਪਰਿਵਾਰ ਦੇ ਸਹਿਯੋਗ ਨਾਲ ਸਰਪੰਚ ਵਿਦਿਆ ਸਿੰਘ ਨੂੰ ਨਸ਼ਾ ਮੁਕਤੀ ਕੇਂਦਰ ਜਨੇਰ ‘ਚ ਦਾਖ਼ਲ ਕਰਵਾਇਆ ਗਿਆ ਹੈ।
