ਪੰਜਾਬ ਦੇ ਹਾਲਾਤ ਮਾੜੇ ਪੀੜਤਾਂ ਨੂੰ ਬਚਾਉਣਾ ਜਰੂਰੀ, ਵੋਟ ਪਾਉਣਾ ਨਹੀਂ : ਹਰਸਿਮਰਤ ਕੌਰ ਬਾਦਲ
ਬਠਿੰਡਾ, 9 ਸਤੰਬਰ (ਰਵਿੰਦਰ ਸ਼ਰਮਾ) : ਅੱਜ ਦੇਸ਼ ਦੇ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਹੋਈ ਜਿਸ ਵਿੱਚ 245 ਰਾਜ ਸਭਾ ਮੈਂਬਰ ਜਿਸ ਵਿੱਚ 12 ਨਾਮਜਦ ਮੈਂਬਰ ਵੀ ਹਨ ਅਤੇ ਲੋਕ ਸਭਾ ਦੇ ਕੁੱਲ 543 ਮੈਂਬਰਾਂ ਸਮੇਤ 788 ਮੈਂਬਰਾਂ ਵੱਲੋਂ ਕੋਟ ਦਾ ਇਸਤੇਮਾਲ ਕੀਤਾ ਜਾਣਾ ਸੀ ਪ੍ਰੰਤੂ ਇਸ ਚੋਣ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਬੀਜੇਡੀ ਅਤੇ ਬੀਆਰਐਸ ਵੱਲੋਂ ਵੋਟ ਨਾ ਪਾਉਣ ਦੀ ਗੱਲ ਕਹੀ ਗਈ ਤਾਂ ਉੱਥੇ ਹੀ ਪੰਜਾਬ ਦੇ ਤਿੰਨ ਸਿੱਖ ਲੋਕ ਸਭਾ ਮੈਂਬਰਾਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ, ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਆਜ਼ਾਦ ਜਿੱਤੇ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਇਹਨਾਂ ਤਿੰਨ ਸਿੱਖ ਵੋਟਰਾਂ ਵੱਲੋਂ ਉਪ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਆਏ ਹੜਾਂ ਕਰਕੇ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਿਤ ਪਰਿਵਾਰਾਂ ਦੀ ਮਦਦ ਲਈ ਵਿਅਸਤ ਹੈ ਜਿਸ ਕਰਕੇ ਅੱਜ ਦੇ ਹਾਲਾਤ ਵਿੱਚ ਪੰਜਾਬ ਨਾਲ ਖੜਨਾ ਜਰੂਰੀ ਹੈ ਨਾ ਕਿ ਵੋਟ ਪਾਉਣਾ ਜਰੂਰੀ ਹੈ ,ਜਿਸ ਕਰਕੇ ਉਹ ਇਸ ਚੋਣ ਦਾ ਬਾਈਕਾਟ ਕਰਦੇ ਹਨ ਕਿਉਂਕਿ ਜੋ ਪੰਜਾਬ ਨਾਲ ਖੜੇਗਾ ਉਹੀ ਵੋਟ ਦਾ ਹੱਕਦਾਰ ਹੋਵੇਗਾ।ਉਪ ਰਾਸ਼ਟਰਪਤੀ ਦੀ ਚੋਣ ਦਾ ਬਾਈਕਾਟ ਕਰਨ ਸਬੰਧੀ ਜਦੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨਾਲ ਉਹਨਾਂ ਦੇ ਨੰਬਰਾਂ ’ਤੇ ਸੰਪਰਕ ਕੀਤਾ ਤਾਂ ਕਿਸੇ ਨੇ ਵੀ ਗੱਲ ਕਰਨੀ ਮੁਨਾਸਿਬ ਨਾ ਸਮਝੀ, ਜਿਸ ਕਰਕੇ ਉਹਨਾਂ ਦਾ ਪੱਖ ਸਾਹਮਣੇ ਨਹੀਂ ਆ ਸਕਿਆ। ਜਿਕਰਯੋਗ ਹੈ ਕਿ ਡਿਬਰੂਗੜ ਜੇਲ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ ਵਿੱਚੋਂ ਹੀ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਪ੍ਰੰਤੂ ਉਹਨਾਂ ਵੱਲੋਂ ਵੋਟ ਦਾ ਭੁਗਤਾਨ ਨਹੀਂ ਕੀਤਾ ਗਿਆ। ਹਾਲਾਤ ਇਹ ਹਨ ਕਿ ਇਸ ਚੋਣ ਵਿੱਚ ਐਨਡੀਏ ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਉਮੀਦਵਾਰ ਸਨ ਜਦੋਂ ਕਿ ਵਿਰੋਧੀ ਧਿਰ ਦੇ ਉਮੀਦਵਾਰ ਬੀ ਸੁਦਰਸ਼ਨ ਰੈਡੀ ਸਨ। ਹਾਲਾਤ ਇਹ ਹਨ ਕਿ ਤਿੰਨੇ ਸਿੱਖ ਲੋਕ ਸਭਾ ਮੈਂਬਰ ਕਾਂਗਰਸ ਪੱਖੀ ਗੱਠਜੋੜ ਦੇ ਉਮੀਦਵਾਰ ਨੂੰ ਵੋਟ ਨਹੀਂ ਪਾ ਸਕਦੇ ਸਨ ਪਰੰਤੂ ਐਨਡੀਏ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਦੂਰੀਆਂ ਚੱਲ ਰਹੀਆਂ ਹਨ, ਜਦੋਂ ਕਿ ਭਾਈ ਅੰਮ੍ਰਿਤ ਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਦਾ ਬੀਜੇਪੀ ਨਾਲ ਕੋਈ ਸੰਬੰਧ ਨਹੀਂ ਜਿਸ ਕਰਕੇ ਇਹਨਾਂ ਤਿੰਨਾਂ ਲੋਕ ਸਭਾ ਮੈਂਬਰਾਂ ਵੱਲੋਂ ਉਪਰਾਸ਼ਟਰਪਤੀ ਦੀ ਚੋਣ ਵਿੱਚ ਵੋਟ ਦਾ ਇਸਤੇਮਾਲ ਨਹੀਂ ਕੀਤਾ ਗਿਆ।

