ਲੁਧਿਆਣਾ, 19 ਜਨਵਰੀ (ਰਵਿੰਦਰ ਸ਼ਰਮਾ) : ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ‘ਤੇ ਸਥਿਤ MBD ਮਾਲ ਦੇ ਕੋਲ ਸ਼ਨੀਵਾਰ ਨੂੰ ਇੱਕ ਚੱਲਦੀ BMW ਕਾਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਦੌਰਾਨ ਕਾਰ ਵਿੱਚ ਇੱਕ ਨੌਜਵਾਨ ਅਤੇ ਇੱਕ ਮੁਟਿਆਰ ਸਵਾਰ ਸਨ, ਜਿਨ੍ਹਾਂ ਨੇ ਗੱਡੀ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਤੁਰੰਤ ਮੁਸਤੈਦੀ ਦਿਖਾਈ ਅਤੇ ਚੱਲਦੀ ਕਾਰ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਲਾਂਕਿ ਦੇਖਦੇ ਹੀ ਦੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਲਗਭਗ 50 ਲੱਖ ਰੁਪਏ ਦੀ ਇਹ ਲਗਜ਼ਰੀ ਗੱਡੀ ਮਿੰਟਾਂ ਵਿੱਚ ਹੀ ਸੜ ਕੇ ਸਵਾਹ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ਅਤੇ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਗੱਡੀ ਪੂਰੀ ਤਰ੍ਹਾਂ ਰਾਖ ਹੋ ਚੁੱਕੀ ਸੀ। ਇਸ ਮਾਮਲੇ ਸਬੰਧੀ ਰਘੂਨਾਥ ਚੌਂਕੀ ਦੇ ਏਐਸਆਈ ਅਸ਼ਵਨੀ ਨੇ ਕਿਹਾ ਕਿ ਦੇਰ ਰਾਤ ਦਾ ਮਾਮਲਾ ਹੈ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਂਚ ਕੀਤੀ ਜਾ ਰਹੀ ਹੈ।


