ਮੋਗਾ, 18 ਜਨਵਰੀ (ਰਵਿੰਦਰ ਸ਼ਰਮਾ) : ਮੋਗਾ ਸਥਿਤ ਸਿੱਖਿਆ ਸੰਸਥਾ ‘ਸੈਕਰੇਡ ਹਾਰਟ ਐਜੂਕੇਸ਼ਨਲ ਸੁਸਾਇਟੀ’ ਦੇ ਚੇਅਰਮੈਨ ਨਾਲ ਤਾਮਿਲਨਾਡੂ ਦੇ ਦੋ ਵਿਅਕਤੀਆਂ ਵੱਲੋਂ 10.5 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਨੇ ਸਕੂਲ ਦੇ ਵਿਸਤਾਰ ਲਈ ਜ਼ਮੀਨ ਦਿਵਾਉਣ ਦਾ ਝਾਂਸਾ ਦੇ ਕੇ ਇਹ ਰਾਸ਼ੀ ਹੜੱਪ ਲਈ ਹੈ। ਪੁਲਿਸ ਨੇ ਦੋਵਾਂ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਹੈ। ਚੇਅਰਮੈਨ ਚਾਰਲਸ ਜੇਬਾ ਕੁਮਾਰ ਨੇ 15 ਜੁਲਾਈ 2025 ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਤਾਮਿਲਨਾਡੂ ਦੇ ਕੀਝਾਕੋਟੂਰ ਪਿੰਡ ਵਿੱਚ 4 ਏਕੜ ਖੇਤੀਬਾੜੀ ਜ਼ਮੀਨ ਖਰੀਦਣ ਦੇ ਇੱਛੁਕ ਸਨ। ਉਨ੍ਹਾਂ ਦੀ ਮੁਲਾਕਾਤ ਜੋਸੇਫ ਮਾਰੀਆ ਸੇਬੇਸਟੀਅਨ ਅਤੇ ਡੀਨ ਜੇ. ਪ੍ਰਕਾਸ਼ (ਦੋਵੇਂ ਨਿਵਾਸੀ ਕੰਨਿਆਕੁਮਾਰੀ, ਤਾਮਿਲਨਾਡੂ) ਨਾਲ ਹੋਈ। ਦੋਸ਼ੀਆਂ ਨੇ ਖੁਦ ਨੂੰ ਭਰੋਸੇਮੰਦ ਦੱਸ ਕੇ ਜ਼ਮੀਨ ਦਾ ਸੌਦਾ 5 ਕਰੋੜ ਰੁਪਏ ਵਿੱਚ ਤੈਅ ਕੀਤਾ। ਚੇਅਰਮੈਨ ਨੇ ਦੋਸ਼ੀਆਂ ਦੇ ਖਾਤਿਆਂ ਵਿੱਚ ਆਰ.ਟੀ.ਜੀ.ਐਸ. (RTGS) ਰਾਹੀਂ ਕੁੱਲ 10.5 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ। ਬਾਅਦ ਵਿੱਚ ਦੋਸ਼ੀਆਂ ਨੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਜ਼ਮੀਨ ਆਪਣੇ ਹੀ ਨਾਮ ਕਰਵਾ ਲਈ। ਜਦੋਂ ਠੱਗੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ, ਪਰ ਦੋਸ਼ੀਆਂ ਨੇ ਨਾ ਤਾਂ ਜ਼ਮੀਨ ਨਾਮ ਕੀਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ। ਹੈਰਾਨੀ ਦੀ ਗੱਲ ਇਹ ਹੈ ਕਿ ਅਗਲੇ ਹੀ ਦਿਨ ਉਸੇ ਜ਼ਮੀਨ ਦਾ ਸੌਦਾ ਕਿਸੇ ਦੂਜੇ ਪੱਖ ਨਾਲ 6 ਕਰੋੜ ’ਚ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ ’ਚ ਪਾਇਆ ਗਿਆ ਕਿ ਮੁਲਜ਼ਮਾਂ ਨੇ ਇਕਰਾਰਨਾਮਾ ਹੋਣ ਦੇ ਬਾਵਜੂਦ ਜ਼ਮੀਨ ਨੂੰ ਦੂਜੀ ਥਾਂ ਵੇਚਕੇ ਧੋਖਾਧੜੀ ਕੀਤੀ ਹੈ। ਮੋਗਾ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਦੀ ਭਾਲ ਜਾਰੀ ਹੈ।

Posted inਮੋਗਾ
