
ਬਰਨਾਲਾ, 3 ਜੁਲਾਈ (ਰਵਿੰਦਰ ਸ਼ਰਮਾ): ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੇ ਬਣਾਇਆ ਜਾ ਰਿਹਾ ਹੈ ਤੇ ਜਲਦ ਹੀ ਸਕੂਲਾਂ ’ਚ ਏਆਈ ਪਾਠਕ੍ਰਮ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਸਾਡਾ ਸੂਬਾ ਸਿੱਖਿਆ ਖੇਤਰ ਦੀਆਂ ਮੋਹਰੀ ਸਫਾਂ ’ਚ ਸ਼ਾਮਲ ਹੋਵੇਗਾ। ਇਹ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਬਰਨਾਲਾ ਵਿਖੇ ਬਰਾਈਟ ਮਾਈਂਡਜ਼ ਪੰਜਾਬ-2026 ਤਹਿਤ ਕਰਵਾਏ ਵਿਦਿਆਰਥੀਆਂ ਦੇ ਰੂ-ਬ-ਰੂ ਪ੍ਰੋਗਰਾਮ ਦੌਰਾਨ ਕੀਤਾ। ਇਸ ਮੌਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸ ਪ੍ਰੋਗਰਾਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨਾ ਤੇ ਸਿੱਖਿਆ ਪ੍ਰਣਾਲੀ ’ਚ ਹੋ ਰਹੇ ਬਦਲਾਅ ਤੇ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਹੈ। ਇਸ ਮੌਕੇ 12ਵੀਂ ਜਮਾਤ ’ਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਿੱਖਿਆ ਮੰਤਰੀ ਬੈਂਸ ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਸਕੂਲ ਤੇ ਸਕੂਲੀ ਵਿਦਿਆਰਥੀ ਬੁਲੰਦੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਮਕਸਦ ਵਿਦਿਆਰਥੀਆਂ ਦੇ ਸੁਝਾਅ ਲੈਣਾ ਹੈ। ਸਾਡੀ ਸਿੱਖਿਆ ਪ੍ਰਣਾਲੀ ਨੂੰ ਥਿਊਰੀ ਦੀ ਬਜਾਏ ਪ੍ਰੈਕਟੀਕਲ ਆਧਾਰਿਤ ਕਰਨ ਉੱਤੇ ਵੀ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਏਆਈ ਦਾ ਪਾਠਕ੍ਰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਉਹ ਅੱਗੇ ਜਾ ਕੇ ਇਸ ਗਲੋਬਲ ਮਾਰਕੀਟ ’ਚ ਆਪਣਾ ਸਿੱਕਾ ਜਮਾ ਸਕਣ। ਉਨ੍ਹਾਂ ਕਿਹਾ ਕਿ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਸਿੱਖਿਆ ਦੇ ਖੇਤਰ ’ਚ ਹੋਰ ਵੀ ਉਚਾਈਆਂ ਛੂਹੇਗਾ। ਜ਼ਿਲ੍ਹਾ ਬਰਨਾਲਾ ਦੀ ਗੱਲ ਕਰਦਿਆਂ ਕਿਹਾ ਕਿ ਇਲਾਕੇ ’ਚ ਉਚੇਰੀ ਸਿੱਖਿਆ ਵਾਸਤੇ ਧਨੌਲਾ ’ਚ ਨਵਾਂ ਕਾਲਜ ਜਲਦ ਬਣਾਇਆ ਜਾਵੇਗਾ। ਜਿਸ ਵਾਸਤੇ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਵੀ ਪਿਛਲੇ ਕਾਫੀ ਸਮੇਂ ਤੋਂ ਯਤਨਸ਼ੀਲ ਸਨ। ਇਸ ਮੌਕੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ’ਚ ਵੱਡੇ ਪੱਧਰ ’ਤੇ ਸੁਧਾਰ ਲਿਆਉਣ ਲਈ ਲਗਾਤਾਰ ਕੰਮ ਕਰਨਾ ਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੇ ਬਣਾਉਣਾ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ’ਚ ਵਿਆਪਕ ਸੁਧਾਰ ਹੋਏ ਹਨ। ਸਾਡੇ ਵਿਦਿਆਰਥੀ ਸਾਡਾ ਭਵਿਖ ਹਨ ਤੇ ਦੇਸ਼ ਦੀ ਤਰੱਕੀ ਉਸ ਦੀ ਸਿੱਖਿਆ ਪ੍ਰਣਾਲੀ ਉੱਤੇ ਨਿਰਭਰ ਕਰਦੀ ਹੈ। ਇਸੇ ਲਈ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਤੇ ਉਸ ਵਾਸਤੇ ਸਾਡੇ ਵਿਦਿਆਰਥੀਆਂ ਨੂੰ ਤਿਆਰ ਕਰਕੇ ਸਮੇਂ ਦੇ ਹਾਣ ਦੇ ਬਣਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਵੀ ਜਾਗਰੂਕ ਹੋਣ ਕਿ ਸਰਕਾਰ ਉਨ੍ਹਾਂ ਲਈ ਕਿਹੜੇ ਕਦਮ ਚੁੱਕ ਰਹੀ ਹੈ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਲਈ ਪ੍ਰੇਰਨਾਸਰੋਤ ਹਨ। ਉਨ੍ਹਾ ਕਿਹਾ ਕਿ ਮਾਨ ਸਰਕਾਰ ਵਲੋਂ ਇਲਾਕੇ ’ਚ ਉਚੇਰੀ ਸਿੱਖਿਆ ਦਾ ਤੋਹਫ਼ਾ ਦਿੰਦਿਆਂ ਨਵਾਂ ਕਾਲਜ ਧਨੌਲਾ ’ਚ ਬਣਾਇਆ ਜਾਵੇਗਾ। ਜਿਸ ਦਾ ਜਲਦ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਮੇਅਰ ਨਗਰ ਨਿਗਮ ਹਸਨ ਭਾਰਦਵਾਜ, ਡੀਈਓ ਸੈਕੰਡਰੀ ਸਿੱਖਿਆ ਸੁਨੀਤਇੰਦਰ ਸਿੰਘ, ਡੀਈਓ ਐਲੀਮੈਂਟਰੀ ਇੰਦੂ ਸਿਮਕ, ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਨਰਿੰਦਰ ਢਿੱਲਵਾਂ ਆਦਿ ਮੌਜੂਦ ਸਨ।