ਬਰਨਾਲਾ, 9 ਜੁਲਾਈ (ਰਵਿੰਦਰ ਸ਼ਰਮਾ): ਬਰਨਾਲਾ ਸ਼ਹਿਰ ਤੋਂ ਇਕ ਬੇਹੱਦ ਚਿੰਤਾਜਨਕ ਤੇ ਸਹਿਮ ਭਰੀ ਖ਼ਬਰ ਸਾਹਮਣੇ ਆਈ ਹੈ। ਜਿਥੇ ਦੋ ਮਾਸੂਮ ਨਾਬਾਲਗ ਬੱਚੇ ਅਚਾਨਕ ਭੇਦਭਰੇ ਹਾਲਾਤ ’ਚ ਲਾਪਤਾ ਹੋ ਗਏ ਹਨ। ਬੁੱਧਵਾਰ ਸ਼ਾਮ ਨੂੰ ਗਾਇਬ ਹੋਏ ਇਨ੍ਹਾਂ ਨਿੱਕੇ-ਨਿੱਕੇ ਬੱਚਿਆਂ ਦਾ ਅਜੇ ਤਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ’ਚ ਚੀਕ-ਚਿਹਾੜਾ ਮਚਿਆ ਹੋਇਆ ਹੈ ਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਵੱਲੋਂ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਪੀੜ੍ਹਤ ਪਰਿਵਾਰਾਂ ਵਲੋਂ ਸ਼ਹਿਰ ਦੇ ਰੇਲਵੇ ਸਟੇਸ਼ਨ, ਮੁੱਖ ਬੱਸ ਅੱਡਾ ਤੇ ਸ਼ਹਿਰ ਦੇ ਹੋਰ ਜਨਤਕ ਸਥਾਨਾਂ ’ਤੇ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਬਾਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਕੁਝ ਕੈਮਰਿਆਂ ’ਚ ਬੱਚੇ ਜਾਂਦੇ ਹੋਏ ਦਿਖਾਈ ਦਿੱਤੇ ਹਨ। ਜਿਸ ਦੇ ਆਧਾਰ ’ਤੇ ਪੈੜ ਨੱਪਦਿਆਂ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਲਾਪਤਾ ਬੱਚੇ ਕ੍ਰਿਸ਼ਨ ਦੀ ਮਾਂ ਨੇ ਹੰਝੂ ਵਹਾਉਂਦੇ ਹੋਏ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕੰਮ ’ਤੇ ਗਈ ਹੋਈ ਸੀ। ਘਰੋਂ ਜਾਣ ਸਮੇਂ ਉਸ ਦੇ ਲੜਕੇ ਨੇ ਕਿਹਾ ਸੀ ਕਿ ਉਹ ਸਕੂਲ ਦਾ ਕੰਮ ਕਰਨ ਲਈ ਆਪਣੇ ਦੋਸਤ ਦੇ ਘਰ ਜਾ ਰਿਹਾ ਹੈ। ਪਰ ਜਦੋਂ ਉਹ ਸ਼ਾਮ ਨੂੰ ਕੰਮ ਤੋਂ ਵਾਪਸ ਪਰਤੀ ਤਾਂ ਛੋਟੇ ਬੱਚੇ ਤੋਂ ਪਤਾ ਲੱਗਿਆ ਕਿ ਕ੍ਰਿਸ਼ਨ ਘਰ ਨਹੀਂ ਆਇਆ। ਪਰਿਵਾਰ ਨੇ ਪਹਿਲਾਂ ਆਪਣੇ ਪੱਧਰ ’ਤੇ ਰਿਸ਼ਤੇਦਾਰਾਂ ਤੇ ਗੁਆਂਢ ’ਚ ਬੱਚੇ ਦੀ ਕਾਫ਼ੀ ਭਾਲ ਕੀਤੀ। ਪਰ ਜਦੋਂ ਕੋਈ ਉੱਘ-ਸੁੱਘ ਨਾ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਦੂਜੇ ਪਾਸੇ ਲਾਪਤਾ ਹੋਏ ਦੂਜੇ ਬੱਚੇ ਯਾਕੂਬ ਦੇ ਮਾਮੇ ਤੇ ਨਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਆਪਣੇ ਦੋਸਤ ਕ੍ਰਿਸ਼ਨ ਦੇ ਘਰ ਖੇਡਣ ਜਾਣ ਦਾ ਕਹਿ ਕੇ ਨਿਕਲਿਆ ਸੀ। ਪਰ ਬਾਅਦ ’ਚ ਪਤਾ ਲੱਗਿਆ ਕਿ ਦੋਵੇਂ ਬੱਚੇ ਹੀ ਲਾਪਤਾ ਹਨ। ਪਰਿਵਾਰਕ ਮੈਂਬਰਾਂ ਨੇ ਇਕ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਕ੍ਰਿਸ਼ਨ ਦੇ ਪਿਤਾ ਨੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਬੱਚਿਆਂ ਨੂੰ ਝਿੜਕਿਆ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੱਚੇ ਸ਼ਾਇਦ ਡਰ ਦੇ ਮਾਰੇ ਹੀ ਘਰੋਂ ਕਿਧਰੇ ਚਲੇ ਗਏ ਹਨ। ਵਾਰਡ ਨੰਬਰ 12 ਦੇ ਕੌਂਸਲਰ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਇਹ ਦੋਵੇਂ ਪਰਿਵਾਰ ਬਾਹਰਲੇ ਸੂਬੇ ਤੋਂ ਆਏ ਹੋਏ ਪਰਵਾਸੀ ਮਜ਼ਦੂਰ ਹਨ ਤੇ ਬੱਚਿਆਂ ਦੀ ਆਪਸ ’ਚ ਬਹੁਤ ਪੱਕੀ ਦੋਸਤੀ ਸੀ। ਕੌਂਸਲਰ ਨੇ ਸ਼ਹਿਰ ਵਾਸੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਬੱਚਿਆਂ ਬਾਰੇ ਕੋਈ ਵੀ ਸੂਚਨਾ ਜਾਂ ਸੁਰਾਗ ਮਿਲਦਾ ਹੈ ਤਾਂ ਉਹ ਤੁਰੰਤ ਪੁਲਿਸ ਪ੍ਰਸ਼ਾਸਨ ਜਾਂ ਪਰਿਵਾਰ ਨਾਲ ਸੰਪਰਕ ਕਰੇ।
– ਬੱਚੇ ਪਟਿਆਲੇ ਵਾਲੀ ਸਾਈਡ ਰੇਲਗੱਡੀ ਚੜ੍ਹੇ
ਕੌਂਸਲਰ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਪੀੜ੍ਹਤ ਪਰਿਵਾਰ ਵਲੋਂ ਆਪਣੇ ਪੱਧਰ ’ਤੇ ਕੀਤੀ ਭਾਲ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇ ਬੱਚੇ ਪਟਿਆਲੇ ਵਾਲੀ ਸਾਈਡ ਰੇਲਗੱਡੀ ਚੜ੍ਹੇ ਹਨ ਤੇ ਪਰਿਵਾਰ ਵਲੋਂ ਲੰਘੀ ਰਾਤ ਪਟਿਆਲੇ ਵੀ ਆਪਣੇ ਨੇੜਲੇ ਵਿਅਕਤੀ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਅਜੇ ਤਕ ਕੋਈ ਪਤਾ ਨਾ ਲੱਗਣ ਕਰਕੇ ਹੁਣ ਪੀੜ੍ਹਤ ਪਰਿਵਾਰ ਅੰਬਾਲੇ ਜਾ ਰਿਹਾ ਹੈ।
– ਪੁਲਿਸ ਵਲੋਂ ਲਿਖਤੀ ਸ਼ਿਕਾਇਤ ਅਜੇ ਨਹੀਂ ਕੀਤੀ ਗਈ ਦਰਜ
ਕੌਂਸਲਰ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਪੀੜ੍ਹਤ ਪਰਿਵਾਰ ਲੰਘੀ ਰਾਤ ਹੀ ਇਸ ਸਬੰਧੀ ਸੂਚਨਾ ਥਾਣਾ ਸਿਟੀ ਬਰਨਾਲਾ-2 ਵਿਖੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਅੰਬਾਲਾ ਵਿਖੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਘਾਲਣ ਲਈ ਪੁਲਿਸ ਤੋਂ ਲਿਖਤੀ ਸ਼ਿਕਾਇਤ ਦਰਜ ਦੀ ਕਾਪੀ ਮੰਗਣ ’ਤੇ ਪਤਾ ਲੱਗਾ ਕਿ ਪੁਲਿਸ ਵਲੋਂ ਭਾਂਵੇ ਭਾਲ ਲਈ ਆਪਣੇ ਪੱਧਰ ’ਤੇ ਯਤਨ ਸ਼ੁਰੂ ਕਰ ਦਿੱਤੇ ਹਨ। ਪਰ ਮਾਮਲੇ ਸਬੰਧੀ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।
