ਬਰਨਾਲਾ, 2 ਨਵੰਬਰ (ਰਵਿੰਦਰ ਸ਼ਰਮਾ) : ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਉੜਦ ਦਾਲ ਦੀ ਆੜ ਵਿੱਚ ਅਫੀਮ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਟਰੱਕ ਵਿੱਚੋਂ 20 ਕਿਲੋਗ੍ਰਾਮ ਅਫੀਮ ਬਰਾਮਦ ਕਰਕੇ ਜਲੰਧਰ ਦੇ ਇੱਕ ਨਸ਼ਾ ਤਸਕਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਬਰਾਮਦ ਕੀਤੀ ਅਫੀਮ ਦੀ ਬਾਜ਼ਾਰੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਇਹ ਸਫਲਤਾ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈ.ਪੀ.ਐਸ, ਬਾਲ ਕ੍ਰਿਸ਼ਨ ਸਿੰਗਲਾ ਕਪਤਾਨ ਪੁਲਿਸ (ਸਥਾਨਕ), ਸੰਜੀਵ ਗੋਇਲ ਕਪਤਾਨ ਪੁਲਿਸ (ਇੰਨ:) ਬਰਨਾਲਾ ਅਤੇ ਰਾਜਿੰਦਰਪਾਲ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ), ਬਰਨਾਲਾ ਦੀ ਯੋਗ ਅਗਵਾਈ ਹੇਠ ਸੀ.ਆਈ.ਏ. ਬਰਨਾਲਾ ਦੇ ਇੰਚਾਰਜ਼ ਇੰਸ. ਬਲਜੀਤ ਸਿੰਘ ਦੀ ਟੀਮ ਨੂੰ ਮਿਲੀ ਹੈ।
ਜਾਣਕਾਰੀ ਦਿੰਦੇ ਹੋਏ ਐਸ.ਪੀ. ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਮਿਤੀ 31-10-2026 ਨੂੰ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਨੂੰ ਮੁਖਬਰ ਵੱਲੋਂ ਪੱਕੀ ਇਤਲਾਹ ਮਿਲੀ ਸੀ ਕਿ ਮੰਗਲ ਰਾਮ ਪੁੱਤਰ ਸਵਰਨ ਰਾਮ ਵਾਸੀ ਗੌਰਸੀਆ ਨਿਹਾਲ, ਜ਼ਿਲ੍ਹਾ ਜਲੰਧਰ ਨੇ ਨਸ਼ਾ ਤਸਕਰੀ ਦਾ ਇੱਕ ਵੱਡਾ ਗੈਂਗ ਬਣਾਇਆ ਹੋਇਆ ਹੈ। ਇਹ ਗੈਂਗ ਬਾਹਰਲੀ ਸਟੇਟ ਵਿੱਚੋਂ ਡੋਡੇ ਭੁੱਕੀ, ਚੂਰਾ ਪੋਸਤ ਅਤੇ ਅਫੀਮ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ। ਮੁਖਬਰ ਨੇ ਦੱਸਿਆ ਸੀ ਕਿ ਉਸ ਦਿਨ ਵੀ ਮੰਗਲ ਰਾਮ ਨੇ ਆਪਣੇ ਟਰੱਕ ਨੰਬਰੀ ਆਰ.ਜੇ.-31ਜੀ.ਬੀ.-4704 ਮਾਰਕਾ ਟਾਟਾ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਲੋਡ ਕਰਕੇ ਬਰਨਾਲਾ ਸ਼ਹਿਰ ਤੋਂ ਮੋਗਾ-ਜਲੰਧਰ ਸਾਈਡ ਨੂੰ ਜਾਣਾ ਹੈ।
ਇਤਲਾਹ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਅਤੇ ਮੋਗਾ-ਬਰਨਾਲਾ ਬਾਈਪਾਸ, ਗਰਚਾ ਰੋਡ, ਹਾਈਟੈੱਕ ਰੋਡ, ਨਾਨਕਸਰ ਰੋਡ ਆਦਿ ’ਤੇ ਨਾਕਾਬੰਦੀ ਕਰ ਦਿੱਤੀ।
ਦੌਰਾਨੇ ਤਫਤੀਸ਼ ਸਹਾਇਕ ਥਾਣੇਦਾਰ ਨਾਇਬ ਸਿੰਘ ਸੀ.ਆਈ.ਏ. ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਬਰਨਾਲਾ-ਮੋਗਾ ਮੇਨ ਹਾਈਵੇ ’ਤੇ ਨਾਕੇ ਦੌਰਾਨ ਮੰਗਲ ਰਾਮ ਨੂੰ ਸਮੇਤ ਟਰੱਕ ਕਾਬੂ ਕਰ ਲਿਆ। ਉਪ ਕਪਤਾਨ ਪੁਲਿਸ (ਡੀ) ਰਾਜਿੰਦਰਪਾਲ ਸਿੰਘ ਦੀ ਹਾਜ਼ਰੀ ਵਿੱਚ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਦੀ ਬਾਡੀ ਵਿੱਚ ਉੜਦ ਦਾਲ ਲੱਦੀ ਹੋਈ ਸੀ, ਪਰ ਕੈਬਿਨ ਵਿੱਚੋਂ 20 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਟਰੱਕ ਨੂੰ ਵੀ ਕਬਜ਼ੇ ਵਿੱਚ ਲੈ ਲਿਆ।
ਦੌਰਾਨੇ ਪੁੱਛਗਿੱਛ ਦੋਸ਼ੀ ਨੇ ਮੰਨਿਆ ਕਿ ਉਹ ਇਹ ਅਫੀਮ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਅਤੇ ਇਸਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਨਾ ਸੀ। ਪੁਲਿਸ ਹੁਣ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਤੋਂ ਇਸ ਗਿਰੋਹ ਦੇ ਹੋਰ ਮੈਂਬਰਾਂ ਅਤੇ ਸਪਲਾਈ ਚੇਨ ਬਾਰੇ ਵੀ ਅਹਿਮ ਖੁਲਾਸੇ ਹੋਣਗੇ। ਐਸ.ਐਸ.ਪੀ. ਬਰਨਾਲਾ ਨੇ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ ਅਤੇ ਕਿਸੇ ਵੀ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।

