ਬਰਨਾਲਾ ਵਿੱਚ ਜ਼ਿਲ੍ਹਾ ਪੱਧਰੀ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ‘ਤੇ ਸ਼ਹੀਦ ਪਰਿਵਾਰਾਂ ਦਾ ਸਨਮਾਨ, ਮੁਸ਼ਕਿਲਾਂ ਵੀ ਸੁਣੀਆਂ

ਬਰਨਾਲਾ, 22 ਅਕਤੂਬਰ (ਰਵਿੰਦਰ ਸ਼ਰਮਾ) : ਦੇਸ਼ ਦੀ ਖਾਤਰ ਸ਼ਹਾਦਤ ਦੇਣ ਵਾਲੇ ਪੁਲਿਸ ਜਵਾਨਾਂ ਦੀ ਬਦੌਲਤ ਹੀ ਦੇਸ਼ ਵਿੱਚ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਬਰਕਰਾਰ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪੰਜਾਬ ਪੁਲਿਸ ਇਨ੍ਹਾਂ ਪਰਿਵਾਰਾਂ ਦੇ ਨਾਲ ਹਮੇਸ਼ਾ ਖੜ੍ਹੀ ਹੈ।
ਇਹ ਵਿਚਾਰ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ਼ ਆਲਮ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਪੁਲਿਸ ਸ਼ਹੀਦੀ ਦਿਵਸ ਪਰੇਡ ਸਮਾਰੋਹ ਦੌਰਾਨ ਪ੍ਰਗਟ ਕੀਤੇ।
ਇਸ ਮੌਕੇ ਐਸਐਸਪੀ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਮਾਣਮੱਤਾ ਅਤੇ ਸ਼ਾਨਾਮੱਤਾ ਹੈ, ਜਿਸ ਨੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਹਮੇਸ਼ਾ ਅੱਗੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਸਮਾਰੋਹ ਵਿੱਚ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸ਼ਹੀਦ ਹੋਏ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਈਏ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੀਏ, ਜਿਸ ਲਈ ਅਸੀਂ ਹਮੇਸ਼ਾ ਯਤਨਸ਼ੀਲ ਹਾਂ।
21 ਅਕਤੂਬਰ ਦੇ ਇਤਿਹਾਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 21 ਅਕਤੂਬਰ 1959 ਨੂੰ ਲੱਦਾਖ ਦੇ ਹੌਟ ਸਪਰਿੰਗ ਖੇਤਰ ਵਿੱਚ ਸੀਆਰਪੀਐਫ ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਪੈਟਰੋਲਿੰਗ ਪਾਰਟੀ ਭਾਰਤ-ਚੀਨ ਸਰਹੱਦ ‘ਤੇ ਗਸ਼ਤ ਕਰ ਰਹੀ ਸੀ। ਪਾਰਟੀ ਵਿੱਚ ਕਰੀਬ 10 ਜਵਾਨ ਸ਼ਾਮਲ ਸਨ, ਜਿਨ੍ਹਾਂ ‘ਤੇ ਚੀਨੀ ਫੌਜ ਨੇ ਹਮਲਾ ਕਰ ਦਿੱਤਾ ਸੀ, ਪਰ ਜਵਾਨਾਂ ਨੇ ਵੱਡੀ ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਮਾਤ ਭੂਮੀ ਵਿੱਚ ਦਾਖਲ ਨਹੀਂ ਹੋਣ ਦਿੱਤਾ। ਉਸੇ ਦਿਨ ਦੀ ਯਾਦ ਵਿੱਚ ਪੂਰੇ ਭਾਰਤ ਵਿੱਚ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬਰਨਾਲਾ ਦੇ ਸ਼ਹੀਦ ਜਵਾਨਾਂ ਦੀ ਸ਼ਹਾਦਤ ਨੂੰ ਅੱਜ ਬਰਨਾਲਾ ਪੁਲਿਸ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ। ਪੁਲਿਸ ਤੋਂ ਇਲਾਵਾ ਨਿਆਂਇਕ, ਪ੍ਰਸ਼ਾਸਨਿਕ ਅਤੇ ਹਵਾਈ ਸੈਨਾ ਦੇ ਅਫਸਰਾਂ ਨੇ ਵੀ ਇਸ ਸਮਾਰੋਹ ਵਿੱਚ ਸ਼ਮੂਲੀਅਤ ਕਰ ਸ਼ਹੀਦਾਂ ਨੂੰ ਯਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਸ਼ੁਲ ਬੇਰੀ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐਸ ਅਤੇ ਐਸਐਸਪੀ ਬਰਨਾਲਾ ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਐਸਐਸਪੀ ਬਰਨਾਲਾ ਨੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।
ਇਸ ਮੌਕੇ ਐਸਪੀ (ਹੈੱਡਕੁਆਰਟਰ) ਬਾਲ ਕ੍ਰਿਸ਼ਨ ਸਿੰਗਲਾ, ਐਸਪੀ (ਇਨਵੈਸਟੀਗੇਸ਼ਨ) ਸੰਜੀਵ ਗੋਇਲ, ਐਸਪੀ ਕੁਲਵੰਤ ਸਿੰਘ, ਐਸਡੀਐਮ ਤਪਾ ਆਯੂਸ਼ ਗੋਇਲ, ਡੀਐਸਪੀ (ਐਨਡੀਪੀਐਸ) ਕਮਲਜੀਤ ਸਿੰਘ, ਡੀਐਸਪੀ (ਹੈੱਡਕੁਆਰਟਰ) ਕੁਲਵਿੰਦਰ ਸਿੰਘ, ਡੀਐਸਪੀ (ਡੀਬੀ ਐਂਡ ਏਸੀ) ਰਜਿੰਦਰਪਾਲ ਸਿੰਘ, ਡੀਐਸਪੀ ਮਹਿਲ ਕਲਾਂ ਸਤਿੰਦਰਪਾਲ ਸਿੰਘ, ਡੀਐਸਪੀ (ਸੀਏਡਬਲਯੂ ਐਂਡ ਸੀ) ਜਸਵਿੰਦਰ ਕੌਰ, ਡੀਐਸਪੀ ਤਪਾ ਜਸਕਰਨ ਸਿੰਘ, ਇੰਚਾਰਜ ਸੀਆਈਏ ਬਲਜੀਤ ਸਿੰਘ, ਰੀਡਰ ਐਸਐਸਪੀ ਮਹਿਲ ਸਿੰਘ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਾ ਸਿਵਲ ਪ੍ਰਸ਼ਾਸਨ, ਨਿਆਂਇਕ ਅਧਿਕਾਰੀ, ਸਮੂਹ ਮੁੱਖ ਅਫਸਰ ਥਾਣਾ, ਰਿਟਾਇਰਡ ਪੁਲਿਸ ਕਰਮਚਾਰੀ ਅਤੇ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।
