Posted inShri Mukatsar Sahib ਵਿਦਿਆਰਥਣ ਦੀ ਦਾਖਲਾ ਫੀਸ ਵਾਪਸ ਨਾ ਕਰਨ ‘ਤੇ ਯੂਨੀਵਰਸਿਟੀ ਅਧਿਕਾਰੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ Posted by overwhelmpharma@yahoo.co.in Mar 1, 2025 ਸ਼੍ਰੀ ਮੁਕਤਸਰ ਸਾਹਿਬ, 1 ਮਾਰਚ (ਰਵਿੰਦਰ ਸ਼ਰਮਾ) : ਮੁਕਤਸਰ ਖਪਤਕਾਰ ਅਦਾਲਤ ਵੱਲੋਂ ਫੈਸਲਾ ਸੁਣਾਉਂਦੇ ਹੋਏ ਆਰਐਮਐਲ ਅਵਧ ਯੂਨੀਵਰਸਿਟੀ, ਫੈਜ਼ਾਬਾਦ (ਉੱਤਰ ਪ੍ਰਦੇਸ਼) ਨੂੰ ਮੁਕਤਸਰ ਵਾਸੀ ਡਾ. ਰਿਚੀ ਗੋਇਲ ਨੂੰ ਦਾਖਲਾ ਫੀਸ ਵਜੋਂ ਲਈ ਗਈ ਰਕਮ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ ਹੈ। ਹਾਲਾਂਕਿ ਆਦੇਸ਼ ਸਨ ਕਿ ਸ਼ਿਕਾਇਤਕਰਤਾ ਨੂੰ ਇਹ ਰਕਮ 45 ਦਿਨ ਦੇ ਅੰਦਰ-ਅੰਦਰ ਦਿੱਤੀ ਜਾਵੇ ਪਰ ਨਿਰਧਾਰਤ ਸਮੇਂ ਤੋਂ ਬਾਅਦ ਕਾਲਜ ਨੇ ਸ਼ਿਕਾਇਤਕਰਤਾ ਨੂੰ 9.20 ਲੱਖ ਰੁਪਏ ਦੀ ਰਕਮ ਦੇ ਦਿੱਤੀ ਹੈ ਜਦਕਿ 16.30 ਲੱਖ 376 ਰੁਪਏ ਦੀ ਦਾਖਲਾ ਫੀਸ ਜੋ ਕਿ ਫੀਸ ਵਜੋਂ ਲਈ ਗਈ ਸੀ ਤੇ ਸਰਕਾਰੀ ਖਾਤੇ ’ਚ ਜਾਂਦੀ ਹੈ, ਅੱਜ ਤੱਕ ਸ਼ਿਕਾਇਤਕਰਤਾ ਨੂੰ ਨਹੀਂ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਖਪਤਕਾਰ ਅਦਾਲਤ ਨੇ ਇਸ ਮਾਮਲੇ ’ਚ ਸ਼ਾਮਲ ਯੂਨੀਵਰਸਿਟੀ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਹਨ। – ਕੀ ਹੈ ਮਾਮਲਾ ਸ਼ਿਕਾਇਤਕਰਤਾ ਡਾ. ਰਿਚੀ ਗੋਇਲ ਇੱਕ ਡਾਕਟਰ ਹੈ ਤੇ ਉਨ੍ਹਾਂ 2020 ’ਚ ਪੋਸਟ-ਗ੍ਰੈਜੂਏਸ਼ਨ ਮੈਡੀਕਲ ਕੋਰਸ ’ਚ ਦਾਖਲੇ ਲਈ ਆਰਐਮਐਲ ਅਵਧ ਯੂਨੀਵਰਸਿਟੀ ’ਚ ਅਰਜ਼ੀ ਦਿੱਤੀ ਸੀ। ਸ਼ਿਕਾਇਤਕਰਤਾ ਨੇ ਰਜਿਸਟ੍ਰੇਸ਼ਨ ਤੇ ਦਾਖਲਾ ਫੀਸ ਜਮ੍ਹਾਂ ਕਰਵਾਈ ਜਿਸ ’ਚ 3,000 ਰੁਪਏ ਰਜਿਸਟ੍ਰੇਸ਼ਨ, 9.20 ਲੱਖ ਰੁਪਏ (ਕਾਲਜ ਸਕਿਊਰਿਟੀ, ਹੋਸਟਲ ਤੇ ਹੋਰ ਖਰਚੇ) ਤੇ 4.30 ਲੱਖ 376 ਰੁਪਏ ਟਿਊਸ਼ਨ ਫੀਸ ਵਜੋਂ ਸ਼ਾਮਲ ਸਨ। ਇਸ ਤੋਂ ਬਾਅਦ ਉਸਨੇ 10 ਲੱਖ ਰੁਪਏ ਦੀ ਦੂਜੀ ਕਿਸ਼ਤ ਦਿੱਤੀ। ਬਾਅਦ ’ਚ ਕਾਲਜ ਨੇ ਅਚਾਨਕ ਫੀਸ ਵਧਾ ਕੇ 19.99 ਲੱਖ ਰੁਪਏ ਕਰ ਦਿੱਤੀ, ਜਿਸ ਕਾਰਨ ਸ਼ਿਕਾਇਤਕਰਤਾ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਕਾਲਜ ਪ੍ਰਸ਼ਾਸਨ ਨੇ ਉਸ ‘ਤੇ ਸੀਟ ਖਾਲੀ ਕਰਨ ਲਈ ਦਬਾਅ ਪਾਇਆ ਤੇ ਬਾਅਦ ’ਚ ਉਸਦੀ ਫੀਸ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਕੋਵਿਡ-19 ਦੌਰਾਨ ਉਸਨੂੰ ਮਾਨਸਿਕ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਤੇ ਅੰਤ ’ਚ 27 ਅਗਸਤ 2020 ਨੂੰ ਉਸਨੇ ਸੀਟ ਛੱਡ ਦਿੱਤੀ। ਇਸ ਤੋਂ ਬਾਅਦ ਆਪਣੇ ਪੈਸੇ ਵਾਪਸ ਲੈਣ ਲਈ, ਉਸਨੇ 2021 ’ਚ ਖਪਤਕਾਰ ਫੋਰਮ ’ਚ ਸ਼ਿਕਾਇਤ ਕੀਤੀ। ਡਾ. ਰਿਚੀ ਗੋਇਲ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ’ਚ ਕੇਸ ਦਾਇਰ ਕੀਤਾ। ਉਨ੍ਹਾਂ ਕੁੱਲ 16.33 ਲੱਖ 376 ਰੁਪਏ ਦੀ ਵਾਪਸੀ ਤੇ ਮਾਨਸਿਕ ਪ੍ਰੇਸ਼ਾਨੀ ਦੇ ਲਈ 10 ਲੱਖ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ। ਕਮਿਸ਼ਨ ਦਾ ਫੈਸਲਾ 15 ਮਾਰਚ 2023 ਨੂੰ ਆਇਆ। ਕਮਿਸ਼ਨ ਨੇ ਕਾਲਜ ਨੂੰ 16.30 ਲੱਖ 376 ਰੁਪਏ (ਤਿੰਨ ਰਜਿਸਟ੍ਰੇਸ਼ਨ ਫੀਸਾਂ ਨੂੰ ਛੱਡ ਕੇ) ਵਾਪਸ ਕਰਨ ਤੇ 15,000 ਰੁਪਏ ਹਰਜਾਨੇ ਵਜੋਂ ਦੇਣ ਦਾ ਹੁਕਮ ਦਿੱਤਾ। ਕਾਲਜ ਨੇ 9.20 ਲੱਖ ਰੁਪਏ ਦੀ ਰਕਮ ਵਾਪਸ ਕਰ ਦਿੱਤੀ ਪਰ ਬਾਕੀ ਰਕਮ ਅਜੇ ਵੀ ਬਕਾਇਆ ਸੀ। ਡਾ. ਰਿਚੀ ਨੇ ਕਿਹਾ ਕਿ ਪੈਸੇ ਵਾਪਸ ਕਰਨ ਦਾ ਸਮਾਂ ਖਤਮ ਹੋਣ ਤੋਂ ਬਾਅਦ, ਉਹ ਦੁਬਾਰਾ ਖਪਤਕਾਰ ਅਦਾਲਤ ਗਏ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਦਾ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਤੇ ਜ਼ਿਲ੍ਹੇ ਦੇ ਐਸਐਸਪੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। Post navigation Previous Post ਵਿਆਹ ਦੀਆਂ ਖ਼ੁਸ਼ੀਆਂ ਮਾਤਮ ‘ਚ ਬਦਲੀਆਂ, ਕਾਰਡ ਵੰਡਣ ਜਾ ਰਹੇ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤNext Postਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਾਤਮੇ ਲਈ ਹੁਣ ਸ਼ੁਰੂ ਕੀਤੀ ਮੁਹਿੰਮ ਸਿਰਫ ਸਿਆਸੀ ਸਟੰਟ : ਭੁਪੇਸ਼ ਬਘੇਲ