ਮੋਹਾਲੀ, 3 ਮਾਰਚ (ਰਵਿੰਦਰ ਸ਼ਰਮਾ) : ਮੋਹਾਲੀ ਦੀ ਸੀਬੀਆਈ ਅਦਾਲਤ ਨੇ 1993 ਦੇ ਇੱਕ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਦੋ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਤਤਕਾਲੀ ਐੱਸ.ਐੱਚ.ਓ. ਸੀਤਾ ਰਾਮ (80) ਅਤੇ ਤਤਕਾਲੀ ਕਾਂਸਟੇਬਲ ਰਾਜਪਾਲ (57) ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ 6 ਮਾਰਚ ਨੂੰ ਉਨ੍ਹਾਂ ਦੀ ਸਜ਼ਾ ਦਾ ਐਲਾਨ ਕਰੇਗੀ। ਸੀਬੀਆਈ ਅਦਾਲਤ ਨੇ ਇਹ ਫ਼ੈਸਲਾ ਘਟਨਾ ਦੇ 32 ਸਾਲ ਬਾਅਦ ਦਿੱਤਾ ਹੈ। ਸਰਕਾਰੀ ਵਕੀਲ ਅਨਮੋਲ ਨਾਰੰਗ ਦੇ ਅਨੁਸਾਰ ਦੋਸ਼ੀ ਸੀਤਾ ਰਾਮ ਨੂੰ ਆਈਪੀਸੀ ਦੀ ਧਾਰਾ 302, 201 ਅਤੇ 218 ਦੇ ਤਹਿਤ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਰਾਜਪਾਲ ਨੂੰ ਧਾਰਾ 201 ਅਤੇ 120-ਬੀ ਦੇ ਤਹਿਤ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਇਹ ਸੀ ਮਾਮਲਾ
ਸਾਲ 1993 ਵਿਚ, ਤਰਨਤਾਰਨ ਪੁਲਿਸ ਨੇ ਦੋ ਨੌਜਵਾਨਾਂ ਨੂੰ ਮ੍ਰਿਤਕ ਦਿਖਾਇਆ ਸੀ। ਇਸ ਮਾਮਲੇ ਵਿਚ 11 ਪੁਲਿਸ ਅਧਿਕਾਰੀਆਂ ‘ਤੇ ਅਗਵਾ, ਗੈਰ-ਕਾਨੂੰਨੀ ਕੈਦ ਅਤੇ ਕਤਲ ਦੇ ਦੋਸ਼ ਲਗਾਏ ਗਏ ਸਨ। ਸੀਬੀਆਈ ਨੇ ਮਾਮਲੇ ਵਿਚ 48 ਗਵਾਹਾਂ ਦਾ ਹਵਾਲਾ ਦਿੱਤਾ ਸੀ, ਪਰ ਮੁਕੱਦਮੇ ਦੌਰਾਨ ਸਿਰਫ਼ 22 ਗਵਾਹਾਂ ਨੇ ਹੀ ਗਵਾਹੀ ਦਿੱਤੀ। ਕਿਉਂਕਿ ਦੇਰੀ ਨਾਲ ਚੱਲੇ ਮੁਕੱਦਮੇ ਦੌਰਾਨ 23 ਗਵਾਹਾਂ ਦੀ ਮੌਤ ਹੋ ਗਈ ਸੀ ਅਤੇ ਇਸ ਕਾਰਨ ਕੁੱਝ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਚਾਰ ਮੁਲਜ਼ਮ ਸਰਦੂਲ ਸਿੰਘ, ਅਮਰਜੀਤ ਸਿੰਘ, ਦੀਦਾਰ ਸਿੰਘ ਅਤੇ ਸਮੀਰ ਸਿੰਘ ਦੀ ਮੁਕੱਦਮੇ ਦੀ ਲੰਬਿਤ ਮਿਆਦ ਦੌਰਾਨ ਮੌਤ ਹੋ ਗਈ। ਜਦੋਂ ਕਿ 5 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਪਰਿਵਾਰ ਨੂੰ ਲਾਸ਼ ਵੀ ਨਸੀਬ ਨਹੀਂ ਹੋਈ
ਸੀਬੀਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ‘ਤੇ ਜਾਂਚ ਕੀਤੀ ਜਿਸ ਵਿਚ ਖ਼ੁਲਾਸਾ ਹੋਇਆ ਕਿ 30 ਜਨਵਰੀ, 1993 ਨੂੰ ਗੁਰਦੇਵ ਸਿੰਘ ਉਰਫ਼ ਦੇਬਾ ਵਾਸੀ ਗਲੀਲੀਪੁਰ ਜ਼ਿਲ੍ਹਾ ਤਰਨਤਾਰਨ ਨੂੰ ਏ ਐੱਸ ਆਈ ਨੋਰੰਗ ਸਿੰਘ ਇੰਚਾਰਜ ਪੁਲਿਸ ਚੌਕੀ ਕੈਰੋਂ ਤਰਨਤਾਰਨ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਉਸ ਦੇ ਘਰੋਂ ਹਿਰਾਸਤ ਵਿਚ ਲਿਆ ਸੀ। ਇਸ ਤੋਂ ਬਾਅਦ 5 ਫਰਵਰੀ 1993 ਨੂੰ, ਜ਼ਿਲ੍ਹਾ ਤਰਨਤਾਰਨ ਦੇ ਥਾਣਾ ਪੱਟੀ ਦੇ ਏਐੱਸਆਈ ਦੀਦਾਰ ਸਿੰਘ ਦੀ ਅਗਵਾਈ ਹੇਠ ਪਿੰਡ ਬਾਹਮਣੀ ਵਾਲਾ, ਜ਼ਿਲ੍ਹਾ ਤਰਨਤਾਰਨ ਤੋਂ ਇੱਕ ਹੋਰ ਨੌਜਵਾਨ ਸੁਖਵੰਤ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ। ਦੋਵਾਂ ਨੂੰ 6 ਫਰਵਰੀ 1993 ਨੂੰ ਥਾਣਾ ਪੱਟੀ ਦੇ ਭਾਗੂਪੁਰ ਇਲਾਕੇ ਵਿਚ ਇੱਕ ਮੁਕਾਬਲੇ ਵਿਚ ਮਾਰਿਆ ਗਿਆ ਦਿਖਾਇਆ ਗਿਆ ਸੀ। ਮੁਕਾਬਲੇ ਦੀ ਇੱਕ ਮਨਘੜਤ ਕਹਾਣੀ ਬਣਾਈ ਗਈ ਅਤੇ ਪੁਲਿਸ ਸਟੇਸ਼ਨ ਪੱਟੀ ਤਰਨਤਾਰਨ ਵਿਖੇ ਐੱਫਆਈਆਰ ਦਰਜ ਕੀਤੀ ਗਈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਸਮਝ ਕੇ ਸਸਕਾਰ ਕਰ ਦਿੱਤਾ ਗਿਆ ਅਤੇ ਪਰਿਵਾਰਾਂ ਨੂੰ ਨਹੀਂ ਸੌਂਪੀਆਂ ਗਈਆਂ। ਉਸ ਸਮੇਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਕਤਲ, ਜਬਰਨ ਵਸੂਲੀ ਆਦਿ ਦੇ 300 ਮਾਮਲਿਆਂ ਵਿਚ ਸ਼ਾਮਲ ਸਨ ਪਰ ਸੀਬੀਆਈ ਜਾਂਚ ਦੌਰਾਨ ਇਹ ਤੱਥ ਗਲਤ ਪਾਇਆ ਗਿਆ।